ਡੁੱਬਦੇ ਸੂਰਜ ਦੀ ਲਾਲੀ ਵਿੱਚ, ਦਮਕਣ ਵਾਲਿਆ!
ਚੰਦਰਮਾ ਦੀ ਚਾਨਣੀ ਦੇ ਵਿੱਚ, ਚਮਕਣ ਵਾਲਿਆ!
ਸੁਣੀਦਾ ਏਂ ਤਾਰਿਆਂ ਦੇ ਵਿਚ, ਤੂੰ ਹੈਂ ਵੱਸਦਾ।
ਬਿਜਲੀਆਂ ਦੇ ਵਿਚ ਬਹਿ ਬਹਿ, ਰਾਤ ਦਿਨ ਤੂੰ ਹੱਸਦਾ।
ਗੁੰਚਿਆਂ, ਕਲੀਆਂ ਤੇ ਫੁੱਲਾਂ ਵਿਚ, ਮਹਿਕਣ ਵਾਲਿਆ!
ਬੁਲਬੁਲਾਂ, ਭੌਰਾਂ ਤੇ ਚਿੜੀਆਂ ਵਿਚ, ਚਹਿਕਣ ਵਾਲਿਆ!
ਤੇਰੀ ਸੈਨਤ ਸੋਹਣਿਆ! ਹਰ ਸ਼ੈ ਦੀ ਤਕਦੀਰ ਏ।
ਦੁਨੀਆਂ ਦਾ ਇਕ-ਇਕ ਜ਼ੱਰਾ, ਤੇਰੀ ਹੁਸਨ-ਤਸਵੀਰ ਏ।
ਡੁੱਬ ਗਏ ਤਾਰੂ ਕਈ, ਤੇਰਾ ਕਿਨਾਰਾ ਭਾਲਦੇ ।
ਗੁੰਮ ਹੋ ਗਏ ਆਪ ਹੀ, ਤੇਰਾ ਦਵਾਰਾ ਭਾਲਦੇ ।
ਦਰ ਤੇਰੇ ਤੋਂ ਦੂਰ ਹੀ, ਮਨ ਦੀ ਉਡਾਰੀ ਮੁੱਕਦੀ।
ਸ਼ਾਇਰ, ਮੁਸੱਵਰ ਦੀ ਕਲਮ, ਇਸ ਤੋਂ ਹੈ ਪਿੱਛੇ ਰੁਕਦੀ।
ਨਾ ਸੋਚ ਤੈਨੂੰ ਫੜ ਸਕੇ, ਨਾ ਸੁਰਤ ਤੈਨੂੰ ਪਾ ਸਕੇ।
ਨਾ ਅੱਖ ਤੈਨੂੰ ਤੱਕ ਸਕੇ, ਨਾ ਜੀਭ ਤੈਨੂੰ ਗਾ ਸਕੇ।
ਜਾਂ ਆਹ ਕਿਸੇ ਮਜ਼ਲੂਮ ਦੀ, ਤੈਨੂੰ ਕਿਤੇ ਤੜਫਾ ਦਏ।
ਹੰਝੂ ਕਿਸੇ ਦੁਖਿਆਰ ਦਾ, ਦਿਲ ਨੂੰ ਚੁਵਾਤੀ ਲਾ ਦਏ।
ਤਾਂ ਰੂਪ ਧਰ ਇਨਸਾਨ ਦਾ, ਦੁਨੀਆਂ 'ਚ ਆ ਜਾਂਦਾ ਏਂ ਤੂੰ।
ਲੱਖਾਂ, ਕਰੋੜਾਂ, ਚੋਜ, ਲੋਕਾਂ ਨੂੰ ਵਿਖਾ ਜਾਂਦਾ ਏਂ ਤੂੰ ।
ਪਰ ਨੂਰ ਉੱਤੇ ਨੂਰ ਦਾ, ਪਰਦਾ ਈ ਪਾ ਕੇ ਸੋਹਣਿਆ!
ਪਰਤੱਖ ਹੋ ਕੇ ਫੇਰ ਵੀ, ਆਪਾ ਛੁਪਾ ਜਾਂਦਾ ਏਂ ਤੂੰ।
ਬਣ ਕੇ ਕੁਰਾਹੀਆ ਕਿਤੇ ਤੂੰ, ਭੁੱਲਿਆਂ ਨੂੰ ਰਾਹ ਏਂ ਦੱਸਦਾ।
'ਲਾਲੋ' ਜਿਹੇ ਮਜ਼ਲੂਮ ਦੀ, ਕੁੱਲੀ 'ਚ ਜਾ-ਜਾ ਵੱਸਦਾ।
ਹੈ ਅੱਖ ਦਾ ਜਾਦੂ ਤਿਰਾ, ਤਪਦੇ ਕੜਾਹੇ ਠਾਰਦਾ।
ਮਾਲਾ ਹੀ ਤੇਰੀ ਜੋਗੀਆ! ਮੂੰਹ ਮੋੜਦੀ ਤਲਵਾਰ ਦਾ।
ਕਿਧਰੇ ਤੂੰ 'ਹਰਿਮੰਦਰ' ਦੇ ਵਿਚ, ਬੈਠਾ ਏਂ ਸ਼ੋਭਾ ਪਾਂਵਦਾ।
ਤੂੰ ਰਾਜ-ਹੰਸਾ! ਦੇਗ਼ ਵਿਚ, ਕਿਧਰੇ ਉਬਾਲੇ ਖਾਂਵਦਾ।
ਚਾਹਵੇਂ ਤਾਂ ਨਜ਼ਰਾਂ ਨਾਲ ਹੀ, ਤੂੰ ਸੱਖਣੇ ਥਾਂ ਭਰ ਦਏਂ।
ਸਾਗਰ ਨੂੰ ਪਰਬਤ ਕਰ ਦਏਂ, ਪਰਬਤ ਨੂੰ ਸਾਗਰ ਕਰ ਦਏਂ।
'ਸਤਲੁਜ' ਦੇ ਡੂੰਘੇ ਵਹਿਣ ਤਾਂ, ਪਲਕਾਂ ਦੇ ਵਿਚ ਤਰ ਜਾਏਂ ਤੂੰ ।
ਦਰਦਾਂ ਦੇ ਹੰਝੂ ਵਿਚ ਪਰ, ਲੱਖਾਂ ਹੀ ਗੋਤੇ ਖਾਏਂ ਤੂੰ।
ਦੁਸ਼ਮਣ ਪਿਆਸੇ ਵੇਖ ਕੇ, ਮੂੰਹਾਂ ’ਚ ਪਾਣੀ ਪਾ ਦਏ।
ਪਰ ਹੰਸ ਵਰਗੇ ਲਾਲ ਨੂੰ, ਪਿਆਸਾ ਈ ਤੂੰ ਤੜਫਾ ਦਏਂ।
ਵੈਰੀ ਨੂੰ ਪਹਿਲਾਂ ਫੱਟ ਕੇ, ਫਿਰ ਮਲ੍ਹਮ ਲਾ ਦੇਨਾ ਏਂ ਤੂੰ।
ਦੁਨੀਆਂ ਨੂੰ ਏਦਾਂ ਹੀ ਭੁਲੇਖੇ ਵਿਚ ਪਾ ਦੇਨਾ ਏਂ ਤੂੰ।
ਹਾਂ! ਫੁੱਲ ਟੁਟਦੇ ਵਿੰਹਦਿਆਂ, ਕਿਧਰੇ ਤਾਂ ਰੋ ਪੈਨਾ ਏਂ ਤੂੰ ।
ਪਰ ਬੱਚਿਆਂ ਦੇ ਹੱਸਦਾ, ਟੁਕੜੇ ਕਰਾ ਲੈਨਾ ਏਂ ਤੂੰ।
ਬਾਜ਼ਾਂ ਨੂੰ ਚਿੜੀਆਂ ਤੋਂ ਤੁੜਾਨਾ ਵੀ, ਤੇਰਾ ਇਕ ਖੇਲ੍ਹ ਏ।
ਲੱਖ ਨਾਲ ਇਕ-ਇਕ ਨੂੰ, ਲੜਾਨਾ ਵੀ ਤੇਰਾ ਇਕ ਖੇਲ੍ਹ ਏ।
ਸ਼ਕਤੀ, ਮੁਹੱਬਤ, ਬੀਰਤਾ, ਸਭ ਕੁਝ ਦਿਖਾ ਦਏਂ ਤੀਰ 'ਚੋਂ।
ਸ਼ਾਹੀ, ਫ਼ਕੀਰੀ ਨਜ਼ਰ ਆ ਜਾਂਦੀ, ਤੇਰੀ ਤਸਵੀਰ 'ਚੋਂ।
ਡੁਬ ਗਏ ਤਾਰੂ ਕਈ, ਤੇਰਾ ਕਿਨਾਰਾ ਭਾਲਦੇ ।
ਗੁੰਮ ਹੋ ਗਏ ਆਪ ਹੀ, ਤੇਰਾ ਦਵਾਰਾ ਭਾਲਦੇ।
ਦਰ ਤੇਰੇ ਤੋਂ ਦੂਰ ਹੀ, ਮਨ ਦੀ ਉਡਾਰੀ ਮੁੱਕਦੀ।
ਸ਼ਾਇਰ, ਮੁਸੱਵਰ ਦੀ ਕਲਮ, ਲੱਖਾਂ ਕੋਹ ਪਿੱਛੇ ਰੁੱਕਦੀ।
ਨਾ ਸੋਚ ਤੈਨੂੰ ਫੜ ਸਕੇ, ਨਾ ਸੂਰਤ ਤੈਨੂੰ ਪਾ ਸਕੇ।
ਨਾ ਅੱਖ ਤੈਨੂੰ ਤੱਕ ਸਕੇ, ਨਾ ਜੀਭ ਤੈਨੂੰ ਗਾ ਸਕੇ।