ਰੱਬੀ ਭਗਤ ਉਹ ਭੌਰ ਕੁਰਬਾਨੀਆਂ ਦਾ,
ਸੇਵਾ ਸਿਦਕ ਦੇ ਪੂਰਨੇ ਪਾਉਣ ਵਾਲਾ।
ਸਾਨੂੰ ਦੇ ਗਿਆ ਤੜਪ ਪ੍ਰਵਾਨਿਆਂ ਦੀ,
ਸੱਚੇ-ਇਸ਼ਕ ਦੀ ਸ਼ਮ੍ਹਾਂ ਜਗਾਉਣ ਵਾਲਾ।
ਤਾਰ ਗਿਆ ਅਣ-ਤਾਰੂਆਂ ਡੁਬਦਿਆਂ ਨੂੰ,
ਸਿਦਕ-ਸਰ ਵਿਚ ਤਾਰੀਆਂ ਲਾਉਣ ਵਾਲਾ।
ਵੱਸ ਗਿਆ ਏ ਸਾਡਿਆਂ ਦਿਲਾਂ ਉੱਤੇ,
ਸਾਡੀ ਉੱਜੜੀ ਦੁਨੀਆਂ ਵਸਾਉਣ ਵਾਲਾ।
ਸੁੱਤਾ ਹੱਸ ਕੇ ਜ਼ੁਲਮ ਦੀ ਤੇਗ਼ ਥੱਲੇ,
ਸੁੱਤੇ ਹੋਏ ਮਜ਼ਲੂਮ ਜਗਾਉਣ ਵਾਲਾ।
ਨਾਲ ਖ਼ੂਨ ਦੇ ਗਿਆ ਏ ਲਿੱਖ ਪੱਟੀ,
ਸਾਨੂੰ ਸਬਕ ਸ਼ਹੀਦੀ ਸਿਖਾਉਣ ਵਾਲਾ।
'ਆਲਿਮ ਗੀਰ' ਬੇ-ਇਲਮ ਦੀ ਕੈਦ ਅੰਦਰ,
ਨਜ਼ਰ ਨਵਾਂ ਸਕੂਲ ਇਕ ਆ ਰਿਹਾ ਏ।
ਕੋਈ ਪ੍ਰੇਮ ਦੀ ਪੱਟੀ ਬਨਾਣ ਖ਼ਾਤਰ,
ਆਰੇ ਨਾਲ ਸਰੀਰ ਚਿਰਵਾ ਰਿਹਾ ਏ।
ਫਿੱਕੀ ਜਿਹੀ ਕੋਈ ਦੇਗ਼-ਦਵਾਤ ਅੰਦਰ,
ਸ਼ਾਹੀ ਆਪਣੇ ਖ਼ੂਨ ਦੀ ਪਾ ਰਿਹਾ ਏ।
ਲਿਖਣ ਵਾਸਤੇ ਜਿੰਦ ਦੇ ਕਾਗ਼ਜ਼ਾਂ ਤੇ,
ਕੋਈ ਤੇਗ਼ ਦੀ ਕਲਮ ਬਣਾ ਰਿਹਾ ਏ।
ਜਾਣ ਕਮਰਾ ਦਿਲੋਂ ਕੁਰਬਾਨੀਆਂ ਦਾ,
ਬੈਠਾ ਪਿੰਜਰੇ ਵਿਚ ਪੜ੍ਹਾਉਣ ਵਾਲਾ।
ਨਾਲ ਪਿਆਰ ਦੇ ਇਉਂ ਸਮਝਾ ਰਿਹਾ ਏ,
ਆਸ਼ਿਕ ਸੱਚ ਦਾ ਸਬਕ ਸਿਖਾਉਣ ਵਾਲਾ :-
ਮਤੀ ਦਾਸ ਜੀ ਸਿਦਕ ਗੁਲਜ਼ਾਰ ਅੰਦਰ,
ਟੇਪੇ ਜਿਗਰ 'ਚੋਂ ਖ਼ੂਨ ਦੇ ਚੋਈ ਦੇ ਨੇ।
ਦੁਨੀਆਂ ਵੱਸਦੀ ਏ ਤਾਹੀਓਂ ਬੁਲਬੁਲਾਂ ਦੀ,
ਭੌਰ ਲੁਟਦੇ ਮਜ਼ੇ ਖੁਸ਼ਬੋਈ ਦੇ ਨੇ।
ਖੁਲ੍ਹ-ਦਿਲੀ ਦੇ ਨਾਲ ਪਿਆਰਿਆਂ ਨੂੰ,
ਢੋਏ ਇਉਂ ‘ਦਿਆਲਾ ਜੀ' ਢੋਈ ਦੇ ਨੇ।
ਚੁਣ ਚੁਣ ਦੇਗ਼ ਵਿਚੋਂ ਮੋਤੀ ਛਾਲਿਆਂ ਦੇ,
ਸੱਚੇ ਪਿਆਰ ਦੇ ਹਾਰ ਪਰੋਈ ਦੇ ਨੇ।
ਖ਼ੌਫ਼ ਓਸ 'ਮਨਸੂਰ' ਨੂੰ ਦਾਰ ਦਾ ਕੀ?
'ਐਨਲ-ਹਕ' ਦਾ ਭੇਤ ਜੋ ਪਾਉਣ ਵਾਲਾ।
ਸਨਦਾਂ ਲੈ ਲੈਂਦਾ ਸਾਰੇ ਜੱਗ ਦੀਆਂ,
'ਅਰਜਨ ਗੁਰੂ' ਦਾ ਸਬਕ ਪਕਾਉਣ ਵਾਲਾ।
ਉਦ੍ਹੀ ਆਤਮਾ ਤਿਉਂ ਤਿਉਂ ਸ਼ਾਂਤ ਹੋਵੇ,
ਵੈਰੀ ਉਸ ਨੂੰ ਜਿਉਂ-ਜਿਉਂ ਸਾੜਦੇ ਨੇ।
ਜੜ੍ਹਾਂ ਉਹਦੀਆਂ ਪੱਕੀਆਂ ਹੋਣ ਤਿਉਂ ਤਿਉਂ,
ਜਿਉਂ ਜਿਉਂ ਓਸਨੂੰ ਜੜ੍ਹੋਂ ਉਖਾੜਦੇ ਨੇ।
ਤਿਉਂ ਤਿਉਂ ਫਲੇ ਉਹ ਰੁੱਖ ਕੁਰਬਾਨੀਆਂ ਦਾ,
ਅੰਗ ਅੰਗ ਜਿਉਂ ਜਿਉਂ ਉਸ ਦਾ ਝਾੜਦੇ ਨੇ।
ਦੁਨੀਆ ਤਿਉਂ ਤਿਉਂ ਉਦ੍ਹੀ ਆਬਾਦ ਹੋਵੇ,
ਜਿਉਂ ਜਿਉਂ ਮਨ ਦਾ ਮੰਦਰ ਉਜਾੜਦੇ ਨੇ।
ਸੂਰਜ ਵਾਂਗ ਸੰਸਾਰ ਤੇ ਚਮਕਦਾ ਏ,
ਚਾਰ ਚੰਦ ਕੁਰਬਾਨੀ ਨੂੰ ਲਾਉਣ ਵਾਲਾ।
ਮਰਕੇ ਸਦਾ ਦੀ ਜ਼ਿੰਦਗੀ ਪਾ ਲੈਂਦਾ,
ਦੁਖੀ-ਦਿਲਾਂ ਦਾ ਦਰਦ ਵੰਡਾਉਣ ਵਾਲਾ।
ਸਿਰ ਵੇਚ ਕੇ ਪੂਰਾ ਸਵਾਲ ਕਰੀਏ,
ਖ਼ਾਲੀ ਕਿਸੇ ਸਵਾਲੀ ਨੂੰ ਮੋੜੀਏ ਨਾ।
ਆਪ ਪੱਥਰ ਜਹਾਨ ਦੇ ਝੱਲ ਲਈਏ,
ਸ਼ੀਸ਼ਾ-ਦਿਲ ਪਰ ਕਿਸੇ ਦਾ ਤੋੜੀਏ ਨਾ।
ਐਵੇਂ ਡੁੱਬ ਕੇ ਮਨ ਦੀ ਮੌਜ ਅੰਦਰ,
ਬੇੜੀ ਕਿਸੇ ਅਣ-ਤਾਰੂ ਦੀ ਬੋੜੀਏ ਨਾ।
ਹੱਥੀਂ ਆਪਣੀ ਸਭ ਕੁਝ ਵਾਰ ਦੇਈਏ,
ਜਿਦ੍ਹੀ ਬਾਂਹ ਫੜੀਏ ਮੁੜਕੇ ਛੋੜੀਏ ਨਾ।
ਰਾਗ ਦਰਦ ਦਾ ਦਿਲਾਂ ਵਿਚ ਛੇੜ ਦੇਵੇ,
ਟੁੱਟੇ ਦਿਲਾਂ ਦੀ ਤਾਰ ਹਿਲਾਉਣ ਵਾਲਾ।
ਸੇਜ ਦਿਲਾਂ ਦੀ ਮਾਣਦਾ ਜੁਗਾਂ ਤੀਕਰ,
ਆਸ਼ਿਕ ਸੂਲੀਆਂ ਤੇ ਢੋਲੇ ਗਾਉਣ ਵਾਲਾ।
ਜਦੋਂ ਤੁਸਾਂ ਦੇ ਡੁਲ੍ਹਦੇ ਖ਼ੂਨ ਅੰਦਰ,
ਝਾਤੀ ਹਾਂ ਮਰ-ਜੀਊੜਿਓ! ਮਾਰਦਾ ਮੈਂ।
ਕਈ ਚੰਦ ਕੁਰਬਾਨੀ ਦੇ ਦਿੱਸਦੇ ਨੇ,
ਵੇਂਹਦਾ ਕਾਫ਼ਲਾ ਸਿਦਕ-ਪ੍ਰਵਾਰ ਦਾ ਮੈਂ।
ਟੋਟੇ ਕਿਤੇ 'ਅਜੀਤ' ਦੇ ਜਾਪਦੇ ਨੇ,
ਕੀਮਾ ਵੇਖਦਾ ਕਿਤੇ 'ਜੁਝਾਰ' ਦਾ ਮੈਂ!
ਚਿਣਿਆ ਜਾਣਾ 'ਦਸਮੇਸ਼' ਦਾ ਦਿਲ ਜਿੱਥੇ,
ਨਕਸ਼ਾ ਵੇਖਦਾ ਓਸ ਦੀਵਾਰ ਦਾ ਮੈਂ।
ਜਨਮ ਲਵੇਗਾ ਖਾਲਸਾ ਪੰਥ ਐਸਾ,
ਨਾਲ ਮੌਤ ਦੇ ਜੀ ਪਰਚਾਉਣ ਵਾਲਾ।
ਜ਼ਾਲਮ ਰਾਜ ਦੇ ਮਹਿਲ-ਮੁਨਾਰਿਆਂ ਦੀ,
ਨਾਲ ਇੱਟ ਦੇ ਇੱਟ ਖੜਕਾਉਣ ਵਾਲਾ।