'ਮਿਹਰਾਂ ਦਿਆ ਦਾਤਿਆ'! ਅਨੰਦਪੁਰੀ ਵਾਸੀਆ ਵੇ!
ਕੌਤਕ ਅਨੋਖੇ ਤੇਰੇ ਵੇਖੇ ਅਸਮਾਨ ਨੇ।
ਚਮਕਦੇ ਨੇ ਤਾਰਿਆਂ ਦੇ ਵਾਂਗ ਸੰਸਾਰ ਉੱਤੇ,
'ਗੁਜਰੀ' ਦੇ ਚੰਨਾ! ਵੇ ਤੂੰ ਕੀਤੇ ਜੋ ਇਹਸਾਨ ਨੇ।
ਪਤੇ ਪਏ ਦੱਸਦੇ ਨੇ ਘਾਲਾਂ ਕੁਰਬਾਨੀਆਂ ਦੇ,
'ਸਰਸਾ ਦੇ ਕੰਢੇ' ਜਿਹੜੇ ਖ਼ੂਨ ਦੇ ਨਿਸ਼ਾਨ ਨੇ।
ਗੂੰਜ ਰਹੇ ਅਜੇ 'ਸਤਲੁਜ' ਦਿਆਂ ਪਾਣੀਆਂ ’ਚ,
'ਜੱਗ ਦੇ ਮਲਾਹਾ' ਤੇਰੇ ਰੱਬੀ-ਫੁਰਮਾਨ ਨੇ।
ਸੁੱਤੇ ਪਏ ਹਿੱਕ ਤੇ 'ਅਜੀਤ' ਤੇ ਜੁਝਾਰ ਦੋਵੇਂ,
ਅਜੇ ਨਹੀਂ ਜਗਾਏ 'ਚਮਕੌਰ ਦੇ ਮੈਦਾਨ ਨੇ।
ਸੀਨੇ ਵਿਚ ਰੱਖੇ 'ਸਰਹੰਦ’ ਦਿਆਂ ਖੰਡਰਾਂ ਵੀ,
ਸਾਂਭ ਸਾਂਭ 'ਮਾਹੀਆ' ਤੇਰੇ ਦਿਲੀ-ਅਰਮਾਨ ਨੇ।
ਹੰਸਾਂ ਜਿਹੇ ਬੱਚਿਆਂ ਨੂੰ ਤੋਰਿਆ ਪਿਆਸਾ ਹੋਵੇ,
ਏਹੋ ਜਿਹਾ ਪਿਤਾ ਨਹੀਂ ਵੇਖਿਆ ਜਹਾਨ ਨੇ।
ਤੇਰੇ ਬਿਨਾਂ ਸੁੱਕਦੇ ਸਚਾਈ ਦਿਆਂ ਬੂਟਿਆਂ ਨੂੰ,
ਪੁੱਤਾਂ ਦਾ ਨਹੀਂ ਖ਼ੂਨ ਪਾਇਆ ਕਿਸੇ ਬਾਗ਼ਵਾਨ ਨੇ।
ਸੁੱਖਾਂ ਦੀਆਂ ਸੇਜਾਂ ਮਹਿਲ, ਮੰਦਰਾਂ ਨੂੰ ਛੱਡ ਦਿੱਤਾ,
ਯਾਰੜੇ ਦੇ ਸੱਥਰ ਤੂੰ ਕੀਤੇ ਪ੍ਰਵਾਨ ਨੇ।
ਛਾਲੇ ਤੇਰੇ ਚਰਨਾਂ ਦੇ ਵੇਖੇ ਹੋਏ ਜੰਗਲਾਂ 'ਚ,
ਤਾਹੀਓਂ ਅਜੇ ਤੀਕ ਤਾਰੇ ਜਾਪਦੇ ਹੈਰਾਨ ਨੇ।
ਮੌਤ ਨਾਲ ਖੇਡ ਪਾਏ ਪੂਰਨੇ ਤੂੰ ਓਸ ਉੱਤੇ,
ਇਕ ਵਾਰੀ ਬੋਲ ਜਿਹੜਾ ਬੋਲਿਆ ਜ਼ਬਾਨ ਨੇ।
ਦੁਖੀ, ਮਜ਼ਲੂਮਾਂ ਲਈ ਸੀਨੇ ਤੇ ਪਿਆਰਿਆ ਓਏ!
ਐਨੇ ਫੱਟ ਝੱਲੇ ਕੀਤੇ ਜਾਂਦੇ ਨੇ ਬਿਆਨ ਨੇ।
ਵੱਖਰੀ ਹੀ ਦਾਤਾ ਤੇਰੀ ਦੁਨੀਆਂ ਪਿਆਰ ਦੀ ਸੀ,
ਪਾਵਣਾ ਕੀ ਭੇਤ ਤੇਰਾ ਕਿਸੇ ਇਨਸਾਨ ਨੇ।
ਤੇਰੀ ਮੈਂ ਫ਼ਕੀਰੀ ਉਤੋਂ, ਵਾਰ ਸੁੱਟਾਂ ਬਾਦਸ਼ਾਹੀਆਂ,
ਦੁਸ਼ਮਣਾਂ ਨੂੰ ਤੀਰਾਂ ਨਾਲ ਸੋਨੇ ਕੀਤੇ ਦਾਨ ਨੇ।
ਬੱਚ ਗਿਆ ਕਿਤੇ ਕੋਈ ਤੇਗ਼ ਦੇ ਜਾਂ ਵਾਰ ਕੋਲੋਂ,
ਘਾਇਲ ਕਰ ਦਿੱਤਾ ਉਹਨੂੰ ਨਿਗ੍ਹਾ ਵਾਲੇ ਬਾਣ ਨੇ।
ਇਕ ਮੁੱਠ ਛੋਲੇ ਖਾਧੇ ਜਿਨ੍ਹੇ ਤੇਰੇ ਲੰਗਰਾਂ 'ਚੋਂ,
ਹਾਥੀਆਂ ਦੇ ਮੂੰਹ ਮੋੜੇ ਓਸ ਬਲਵਾਨ ਨੇ।
ਇਕੋ ਬੂੰਦ ਪੀ ਕੇ ਤੇਰੀ ਅੰਮ੍ਰਿਤੀ-ਸੁਰਾਹੀ ਵਿਚੋਂ,
ਬੁੱਢੇ ਦਿਲ ਫੇਰ ਹੋਏ ਮੁੜ ਕੇ ਜਵਾਨ ਨੇ।
ਹਿੰਦ ਦੀ ਜਵਾਨੀ ਵਿਚ ਲਾਲੀ ਉਹਦੀ ਜਾਪਦੀ ਏ,
ਡੋਲ੍ਹਿਆ ਸੀ ਖ਼ੂਨ ਜਿਹੜਾ ਤੇਰੀ ਸੰਤਾਨ ਨੇ।
ਟੁਰੀ ਗਈ ਅਡੋਲ ਤੇਰੀ ਬੇੜੀ ਸੀ ਕਿਨਾਰੇ ਵੱਲ,
ਲੱਖਾਂ ਵਾਰ ਘੇਰੀ ਭਾਵੇਂ ਜ਼ੁਲਮੀ-ਤੂਫ਼ਾਨ ਨੇ।
ਜੋਤਾਂ ਜਗ ਪਈਆਂ ਫੇਰ ਮੰਦਰਾਂ, ਸ਼ਿਵਾਲਿਆਂ 'ਚ,
ਅੱਖੀਆਂ ਦੇ ਚੰਦ ਜਾਂ ਤੂੰ ਕੀਤੇ ਕੁਰਬਾਨ ਨੇ।
ਚੰਡੀ ਚਮਕਾਈ ਐਸੀ ਚੰਡੀ ਦੇ ਪੁਜਾਰੀਆ ਤੂੰ,
ਅੱਖ ਫੇਰ ਪੁੱਟੀ ਸੁੱਤੀ ਹਿੰਦੀਆਂ ਦੀ ਆਨ ਨੇ।
ਲੱਖਾਂ ਏਸ ਦੇਸ਼ ਵਿਚ ਪੈਦਾ 'ਰਣਜੀਤ' ਕੀਤੇ,
ਤੋੜ ਦਿੱਤੇ ਜਿਨ੍ਹਾਂ ਅਭਿਮਾਨੀਆਂ ਦੇ ਮਾਨ ਨੇ।
ਰਿਸ਼ਮਾਂ ਦੇ ਵਾਂਙ ਦੂਰ ਉਨ੍ਹਾਂ ਨੇ ਅਨ੍ਹੇਰ ਕੀਤਾ,
ਤੀਰ ਜਿਹੜੇ ਮਾਰੇ ਤੇਰੀ ਚੰਦ ਜੇਹੀ ਕਮਾਨ ਨੇ।
ਚੱਕਰ ਚੁਰਾਸੀਆਂ ਦੇ ਕੱਟੇ ਤੇਰੇ ਚੱਕਰਾਂ ਨੇ,
ਹਿੰਦ ਨੂੰ ਬਚਾਇਆ ਤੇਰੀ ਨੂਰੀ ਕ੍ਰਿਪਾਨ ਨੇ।