ਵਿਗੋਚ

“ਪਾਪਾ ਪਲੇਅ ਸਟੇਸ਼ਨ ਨਾ ਭੁੱਲਿਓ ਅੱਜ”

ਝੇਪਦਿਆਂ ਝਿਜਕਦਿਆਂ ਤੇ ਆਵਦੀ ਮਾਂ ਤੋਂ ਡਰਦਿਆਂ ਮੇਰੇ

ਕੰਨ ਕੋਲ

ਲੱਗਭੱਗ ਫੁਸਫੁਸਾਉਂਦਿਆਂ ਹੋਇਆ ਕਿਹਾ ਓਹਨੇ..

ਤੀਜੀ ’ਚ ਹੋ ਗਿਆ ਏਸ ਸਾਲ

ਪਤਨੀ ਅਕਸਰ ਆਖਦੀ ਮੈਨੂੰ

ਤੁਸੀਂ ਵਿਗਾੜ ਦੇਣਾ ਇਹਨੂੰ ਆਖ਼ਰ ਨੂੰ

ਤੇ ਓਹਦੇ ਇਸ ਵਿਗੜ ਜਾਣ ਦਾ ਤੌਖ਼ਲਾ

ਮੇਰੇ ਮਨ ਦੀ ਕਿਸੇ ਨੁੱਕਰੇ ਵੀ ਪਨਪਦੈ ਕਦੇ ਕਦੇ..

ਬੜਾ ਸਹਿਜ ਜਾ ਸੁਭਾਅ ਓਹਦਾ

ਆਵਦੀ ਉਮਰ ਦੇ ਲਿਹਾਜ਼ ਨਾਲ

ਵੀਰ੍ਹਦਾ ਨੀ ਕਦੇ

ਜ਼ਿੱਦੀ ਤਾਂ ਬਿਲਕੁਲ ਨਈਂ

ਬਸ ਓਹਦੀ ਮੰਗ ਮਨੌਤ ’ਤੇ

ਇਨਕਾਰੀ ਨੀ ਹੋਇਆ ਜਾਂਦਾ ਮੈਥੋਂ

ਓਹ ਤਹੱਮਲ ਜੇ ਨਾਲ ਮੰਗਦੈ

ਤੇ ਮੈਂ ਸਹਿਜੇ ਲਿਆ ਦਿੰਨੈ

ਉਂਝ ਹੱਥਾਂ ’ਚੋਂ ਨਿਕਲਦੇ ਜੁਆਕ ਦਾ ਪਤਾ ਥੋੜ੍ਹੀ ਲੱਗਦੈ..

ਦਾਦੀ ਕਦੋਂ ਰੁਖ਼ਸਤ ਹੋਈ ਏਸ ਜਹਾਨੋਂ

ਭੋਰਾ ਭਰ ਵੀ ਯਾਦ ਨੀ

ਚੌਥੀ 'ਚ ਸਾਂ

ਜਦ ਦਾਦਾ ਵਿਦਾ ਹੋਇਆ

ਤੇ ਦਸਵੀਂ ਕਰਦਿਆਂ ਕਰਦਿਆਂ ਪਿਤਾ ਜੀ..

ਨਾ ਦਾਦੀ ਨਾਲ ਲਾਡ ਲੜਾਏ

ਨਾ ਦਾਦੇ ਨਾਲ ਜ਼ਿੱਦਾਂ ਕੀਤੀਆਂ

ਤੇ ਪਿਤਾ ਤੋਂ ਮੁਹੱਬਤ ਮੰਗਣ ਦਾ ਤਾਂ ਮੌਕਾ ਨੀ ਮਿਲਿਆ..

ਸੂਰਜ ਬਸ ਲਗਭਗ ਆਖਰੀ ਡੁੱਬਕੀ ’ਤੇ

ਕੱਲ੍ਹ ਮਹੀਨੇ ਦਾ ਚੌਥਾ ਸ਼ਨੀਵਾਰ

ਤੇ ਮਾਰਕੀਟ ਬੰਦ ਰਹਿੰਦੀ

ਸੋਮਵਾਰ ਨੂੰ ਰਾਜਧਾਨੀ ਮੀਟਿੰਗ 'ਤੇ ਜਾਣੈ ..

ਤਿੰਨ ਦਿਨਾਂ ਦੀ ਉਡੀਕ

ਤਿੰਨ ਰਿਸ਼ਤਿਆਂ ਦੇ ਵਿਯੋਗ ਜਿੰਨੀ ਲੰਬੀ ਲੱਗਦੀ ਮੈਨੂੰ

ਤੇ ਮੈਂ ਤੁਰ ਪੈਨਾ ਬਾਜ਼ਾਰ ਵੱਲ ਨਾਜ਼ਿਮ ਦੇ ਨਾਲ

ਪਤਨੀ ਤੋਂ ਚੋਰੀ..

ਬਾਜ਼ਾਰ !

ਜਿੱਥੋਂ ਨਾ ਕਦੇ ਕੁਝ ਮਿਲਦੈ

ਤੇ ਨਾ ਕਦੇ ਕੁਝ ਮੁਕਦੈ !!!!