ਕਰ ਜੇਰਾ ਪਹੁੰਚ ਸ਼ਤਾਬ ਜਿੰਦੇ
ਬਿਨ ਜੇਰਿਉਂ ਇਸ਼ਕ ਅਜ਼ਾਬ ਜਿੰਦੇ।
ਨਹੀਂ ਚੰਗਾ ਜਿੰਦ ਨੂੰ ਗਾਲਣਾ ਨੀ
ਕੰਚਨ ਦੇਹੀ ਨੂੰ ਢਾਲਣਾ ਨੀ
ਦੁਖ ਚੁਪ ਚੁਪੀਤਿਆਂ ਜਾਲਣਾ ਨੀ
ਅਤੇ ਭੁਜਣਾ ਵਾਂਗ ਕਬਾਬ ਜਿੰਦੇ ।
ਇਹ ਇਸ਼ਕ ਨਾ ਨਿਰਾ ਵਿਰਾਗਣਾ ਨੀ
ਦਿਨ ਰਾਤ ਉਨੀਂਦੇ ਝਾਗਣਾ ਨੀ,
ਹੈ ਇਸ਼ਕ ਤਾਂ ਡਰ ਨੂੰ ਤਿਆਗਣਾ ਨੀ
ਅਤੇ ਛੱਡਣੇ ਕੁਲ ਹਿਸਾਬ ਜਿੰਦੇ
ਕਦੀ ਡੱਕੀਂ ਵਹਿਣ ਵੀ ਰੁਕਦਾ ਨੀ ?
ਕਦੀ ਕੱਖੀਂ ਭਾਂਬੜ ਲੁਕਦਾ ਨੀ ?
ਕਦੀ ਇਸ਼ਕ ਦਾ ਸਿਰ ਵੀ ਝੁਕਦਾ ਨੀ ?
ਬਿਨ ਨਸ਼ਿਉਂ ਕਹੀ ਸ਼ਰਾਬ ਜਿੰਦੇ ?
ਕੀ ਵਾ ਨੂੰ ਕਹਿਣ ਜ਼ੰਜੀਰਾਂ ਨੀ,
ਨਹੀਂ ਖੁਸ਼ਬੂ ਬਝਦੀ ਲੀਰਾਂ ਨੀ,
ਕਦੀ ਗੁਝੀਆਂ ਰਹੀਆਂ ਹੀਰਾਂ ਨੀ,
ਕਦੀ ਘੁੰਡੀਂ ਲੁਕੇ ਸ਼ਬਾਬ ਜਿੰਦੇ।
ਇਥੇ ਗ਼ਮ ਨਾ ਗੱਲਾਂ ਹੁਗੀਆਂ ਦਾ,
ਇਥੇ ਕੰਮ ਨਾ ਹੋਸ਼ਾਂ ਸੁਘੀਆਂ ਦਾ,
ਇਥੇ ਕੰਮ ਨਾ ਚਿੜੀਆਂ ਘੁਗੀਆਂ ਦਾ,
ਇਥੇ ਬਣਨਾ ਪਏ ਉਕਾਬ ਜਿੰਦੇ।
ਕਰ ਜੇਰਾ ਪਹੁੰਚ ਸ਼ਤਾਬ ਜਿੰਦੇ,
ਬਿਨ ਜੇਰਿਉਂ ਇਸ਼ਕ ਅਜ਼ਾਬ ਜਿੰਦੇ ।