ਉਹ ਦਿਨ ਰਹਿ ਗਏ ਦੂਰ

ਮਨ ਦਾ ਹੁਸਨ ਸੀ ਜੱਗ ਮੱਗ ਕਰਦਾ,

ਮੈਂ ਹੁੰਦਾ ਸੀ ਚਾਨਣ ਘਰ ਦਾ।

ਜੀਵਨ ਦੀ ਪ੍ਰਭਾਤ ਸੁਨਹਿਰੀ-

ਵੰਡਦੀ ਹੈ ਸੀ ਨੂਰ।

ਉਹ ਦਿਨ ਰਹਿ ਗਏ ਦੂਰ, ਵੇ ਸਜਣਾ!

ਉਹ ਦਿਨ ਰਹਿ ਗਏ ਦੂਰ!

ਰੋਸ਼ਨ ਸੀ ਮੇਰੇ ਸੁਪਨੇ ਸਾਰੇ,

ਜਿਉਂ ਪ੍ਰਭਾਤੀ ਲਿਸ਼ਕਣ ਤਾਰੇ।

ਤ੍ਰੇਲ ਵਾਂਗ ਸੀ ਝਿੱਮ ਝਿੱਮ ਕਰਦਾ,

ਅਰਮਾਨਾਂ ਦਾ ਬੂਰ।

ਉਹ ਦਿਨ ਰਹਿ ਗਏ ਦੂਰ, ਵੇ ਸਜਣਾ!

ਉਹ ਦਿਨ ਰਹਿ ਗਏ ਦੂਰ!

ਲਾਡ ਸੀ ਮੇਰਾ ਪਾਣੀ ਭਰਦੇ,

ਪਿਆਰ ਸੀ ਝੁਕ ਝੁਕ ਸਜਦੇ ਕਰਦੇ।

ਕਈਆਂ ਨੂੰ ਮੇਰਾ ਇਕ ਹੰਝੂ-

ਕਰਦਾ ਸੀ ਮਜਬੂਰ।

ਉਹ ਦਿਨ ਰਹਿ ਗਏ ਦੂਰ, ਵੇ ਸਜਣਾ!

ਉਹ ਦਿਨ ਰਹਿ ਗਏ ਦੂਰ!

ਵਿਲਕ ਵਿਲਕ ਆਸਾਂ ਮਰ ਗਈਆਂ।

ਮਨ ਮੰਦਰ ਸੁੰਞਾ ਕਰ ਗਈਆਂ।

ਸ਼ੁਹਰਤ, ਅਕਲ, ਜਵਾਨੀ ਮੇਰੀ,

ਮੇਰਾ ਬਣੇ ਕਸੂਰ।

ਉਹ ਦਿਨ ਰਹਿ ਗਏ ਦੂਰ, ਵੇ ਸਜਣਾ!

ਉਹ ਦਿਨ ਰਹਿ ਗਏ ਦੂਰ।

ਘੇਰ ਲਿਆ ਹੁਣ ਆਣ ਕਸਾਈਆਂ,

ਹੱਥੀਂ ਛੁਰੀਆਂ ਸਾਣ-ਚੜ੍ਹਾਈਆਂ।

ਪਰ ਹੋਣਾ ਹੈ ਓਹੋ 'ਕੁੰਦਨ’,

ਜੋ 'ਉਸ' ਨੂੰ ਮਨਜ਼ੂਰ

ਉਹ ਦਿਨ ਰਹਿ ਗਏ ਦੂਰ, ਵੇ ਸਜਣਾ!

ਉਹ ਦਿਨ ਰਹਿ ਗਏ ਦੂਰ!