ਭੁਲੇਖਾ

63. ਭੁਲੇਖਾ

ਨਿਗਾਹ ਨਾਲ ਤੋੜਾਂ, ਮੈਂ ਅੰਬਰ ਦੇ ਤਾਰੇ।

ਮੈਂ ਬਿਜਲੀ ਦੇ ਵੀ, ਸਮਝਦਾ ਹਾਂ ਇਸ਼ਾਰੇ।

ਕਲਮ ਮੇਰੀ ਕੁਦਰਤ ਦੇ ਬੁਰਕੇ ਉਤਾਰੇ।

ਕਰੇ ਨੰਗੇ ਲੱਖਾਂ, ਛੁਪੇ ਹੋਏ ਨਜ਼ਾਰੇ।

ਮੈਂ ਪਲਕਾਂ 'ਚ ਸੰਸਾਰ ਨੂੰ ਛਾਣਦਾ ਹਾਂ।

ਮੈਂ ਕੀ ਹਾਂ? ਮੈਂ ਏਨਾ ਨਹੀਂ ਜਾਣਦਾ ਹਾਂ।

ਜੋ ਨੀਲਾ ਜਿਹਾ ਨਜ਼ਰ ਆਕਾਸ਼ ਆਵੇ।

ਉਡਾਰੀ ਮੇਰੀ ਦੂਰ, ਇਸ ਤੋਂ ਵੀ ਜਾਵੇ।

ਤਸੱਵਰ ਮੇਰਾ ਸਵਰਗ, ਢਾਵ੍ਹੇ ਬਣਾਵੇ।

ਸਮਝਦਾ ਹਾਂ ਜਿਹੜਾ, ਹਵਾ ਗੀਤ ਗਾਵੇ।

ਮੈਂ ਵਧ ਧਰਤੀਓਂ, ਭੇਤੀ ਅਸਮਾਨ ਦਾ ਹਾਂ।

ਮੈਂ ਕੀ ਹਾਂ? ਮੈਂ ਏਨਾ ਨਹੀਂ ਜਾਣਦਾ ਹਾਂ।

ਵਯੋਗਣ ਦੇ ਹੰਝੂ ਦੀ, ਬੋਲੀ ਪਛਾਣਾਂ।

ਉਦ੍ਹੇ ਦਿਲ ਦੀ ਉੱਜੜੀ, ਮੈਂ ਦੁਨੀਆਂ ਨੂੰ ਜਾਣਾਂ।

ਗ਼ਰੀਬਾਂ ਦਾ ਹੈ, ਮੇਰੇ ਦਿਲ ਵਿਚ ਟਿਕਾਣਾ।

ਮਜ਼ੂਰਾਂ ਦਾ ਸੱਚਾ, ਮੈਂ ਮਿੱਤਰ ਪੁਰਾਣਾ।

ਮੈਂ ਸਭ ਹੋਰ ਦੁਨੀਆ ਨੂੰ, ਪਹਿਚਾਣਦਾ ਹਾਂ।

ਮੈਂ ਕੀ ਹਾਂ? ਮੈਂ ਏਨਾ ਨਹੀਂ ਜਾਣਦਾ ਹਾਂ।

ਜਿਵੇਂ ਰਹਿੰਦਾ ਦੀਵੇ ਦੇ, ਥੱਲੇ ਅਨ੍ਹੇਰਾ।

ਹੈ ਓਸੇ ਤਰ੍ਹਾਂ ਹੂ-ਬਹੂ, ਹਾਲ ਮੇਰਾ।

ਮੈਂ ਲੋਕਾਂ ਨੂੰ ਦੇਂਦਾ ਹਾਂ, ਚਾਨਣ ਬਥੇਰਾ।

ਮੇਰੀ ਰਾਤ ਕਾਲੀ ਦਾ, ਪਰ ਨਹੀਂ ਸਵੇਰਾ।

ਮੈਂ ਹਾਂ ਕੌਣ? ਕਿਥੋਂ ਹਾਂ? ਕਿਸ ਖਾਣ ਦਾ ਹਾਂ ?

ਮੈਂ ਕੀ ਹਾਂ? ਮੈਂ ਇਹ ਵੀ ਨਹੀਂ ਜਾਣਦਾ ਹਾਂ।