ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ,
ਸਾਡੀਆਂ ਸੁਥਣਾਂ ਨੂੰ ਭਖੜਾ ਵੇ ਹੋ।
ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ
ਨਾ ਤਨ ਕਜਣੇ ਨੂੰ ਕਪੜਾ ਵੇ ਹੋ।
ਗੋਰੀ ਤੇਰੀ ਝੂਟੇ ਪਟ ਦੀਆਂ ਲਾਸਾਂ
ਹੇਠ ਸੋਨੇ ਦਾ ਪਟੜਾ ਵੇ ਹੋ।
ਪੈਰ-ਨਹੁੰਆਂ ਉਤੇ ਚੰਨ ਮਹਿੰਦੀ ਦੇ
ਖੁਰੀਂ ਅਸਾਡੀ ਘਟੜਾ ਵੇ ਹੋ ।
ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ
ਬਾਹੀਂ ਚੂੜਾ ਰਤੜਾ ਵੇ ਹੋ।
ਕੋਠਾ ਇਕ ਬਿਰਾਤ ਅਸਾਡੀ
ਉਹ ਵੀ ਕੱਚੜਾ ਤੇ ਢੱਠੜਾ ਵੇ ਹੈ ।
ਉਚੀ ਅਟਾਰੀ ਚੰਦਨ ਝੂਲਾ
ਪਲਦਾ ਤੇਰਾ ਬਚੜਾ ਵੇ ਹੋ।
ਰੋਹੀਆਂ ਵਿਚ ਅਸੀਂ ਨਿਮੀਏਂ ਜੰਮੀਏ
ਦਾਸ ਤੇਰਾ ਸਾਡਾ ਨਢੜਾ ਵੇ ਹੋ।
ਮੈਦਾ ਖਾਵੇਂ ਪੱਟ ਹੰਡਾਵੇਂ
ਫਿਰ ਵੀ ਕਰੇਂ ਸੈ ਨਖਰਾ ਵੇ ਹੋ।
ਜੰਮਦਿਆਂ ਹੀ ਚਾਅ ਮਰਨ ਅਸਾਡੇ
ਇਕ ਵੀ ਹੋਏ ਨਾ ਵਡੜਾ ਵੇ ਹੋ।
ਵਾਹੀਏ, ਬੀਜੀਏ, ਸਿੰਜੀਏ, ਵੱਢੀਏ
ਗਾਹੀਏ ਤੇ ਕਰੀਏ ਕਠੜਾ ਵੇ ਹੋ।
ਆਵੇਂ ਤੇ ਸਭ ਹੂੰਝ ਲਿਜਾਵੇਂ
ਮੁਢ ਤੋਂ ਏਹੋ ਝਗੜਾ ਵੇ ਹੋ।
ਦਿਲ ਸਾਡਾ ਹੁਣ ਭਰਦਾ ਸ਼ਾਹਦੀ,
ਮੁਕਣ ਵਾਲਾ ਇਹ ਝਗੜਾ ਵੇ ਹੋ।
ਤਗੜਿਆਂ ਹੋਣਾ ਖਵਾਰ ਤੇ ਖੱਜਲ
ਮਾੜਿਆਂ ਹੋਣਾ ਤਗੜਾ ਵੇ ਹੋ ।
ਪਾਟੀ ਕਿਰਤ ਨੇ ਇਕ ਮੁਠ ਹੋਣਾ
ਬਣ ਜਾਣਾ ਹਿਕ ਝਖੜਾ ਵੇ ਹੋ।
ਘੋੜੀ ਤੇਰੀ ਦੇ ਉਡਣੇ ਘੁੰਗਰੂ
ਗੋਰੀ ਦਾ ਚੂੜਾ ਰਤੜਾ ਵੇ ਹੋ ।
ਤੀਲੀਆਂ ਰਲ ਕੇ ਬਹੁਕਰ ਬਣਨਾ
ਹੂੰਝ ਦੇਣਾ ਕੱਖ ਕੰਡੜਾ ਵੇ ਹੋ।
ਖਵਾਰ ਹੋਏ ਸਭ ਮਿਲਣਗੇ ਆਖ਼ਰ
ਆਕੀਆਂ ਨੂੰ ਕੱਰ ਤਗੜਾ ਵੇ ਹੋ ।