ਸੱਭ ਧਰਮਾਂ ਦੇ ਪੀਰ ਪੈਗ਼ੰਬਰ, ਸੂਫੀ ਸੰਤ ਅਵਤਾਰ
ਇੱਕੋ ਈ ਰੱਬ ਦੇ ਹਰਕਾਰੇ ਨੇ, ਲੈ ਕੇ ਆਏ ਪਿਆਰ
ਇੱਕੋ ਜਿਹੀ ਤਾਲੀਮ ਹੈ ਸਭ ਦੀ, ਇੱਕੋ ਜਿਹਾ ਪਯਾਮ
ਈਸਾ, ਮੂਸਾ, ਪਾਕ ਮੁਹੰਮਦ, ਬੁੱਧਾ, ਨਾਨਕ, ਰਾਮ
ਸੱਭ ਨੇ ਦੱਸਿਆ ਰੱਬ ਤੱਕ ਪਹੁੰਚਣ ਦਾ ਹੈ ਰਸਤਾ ਇੱਕ
ਬੰਦਿਆਂ ਦੇ ਨਾਲ ਪਿਆਰ ਮੁਹੱਬਤ, ਬਦ ਹੋਵਣ ਯਾਂ ਨੇਕ
ਇੰਨਾ ਪਿਆਰ ਕਰੋ ਬੰਦਿਆਂ ਨੂੰ, ਜਿੰਨਾ ਰੱਬ ਕਰੇ
ਦੁੱਖ ਨਾ ਦੇਵੋ ਕਿਸੇ ਨੂੰ ਭਾਵੇਂ ਤੁਹਾਨੂੰ ਦੁੱਖ ਮਿਲੇ
ਸੱਭ ਦਾ ਜੀਵਨ ਪ੍ਰੇਮ, ਮਾਫ਼ੀ ਦਾ ਉੱਚਾ ਅਸਥਾਨ
ਸੱਭ ਨੇ ਦਿੱਤਾ ਆਪਣੇ ਆਪਣੇ ਦੁਸ਼ਮਣ ਨੂੰ ਵੀ ਮਾਣ
ਰਾਮ ਨੇ ਛੱਡਿਆ ਤਖ਼ਤ ਖ਼ਜ਼ਾਨਾ, ਇੰਜ ਸੀ ਵਚਨ ਨਿਭਾਏ
ਮਾਂ ਮਤਰਈ ਦਾ ਦਿਲ ਨਾ ਦੁਖੇ, ਖ਼ੁਦ ਹਰ ਦੁੱਖ ਉਠਾਏ
ਛੱਡਿਆ ਮਹਿਲਾਂ ਮਾੜੀਆਂ ਨੂੰ ਇਕ ਰਾਤੀ ਬੁੱਧ ਮਹਾਨ
ਬੰਦਿਆਂ ਦੀ ਲਈ ਅਪਣਾ ਹਰ ਸੁੱਖ ਕੀਤਾ ਉਸ ਕੁਰਬਾਨ
ਜੇ ਕੋਈ ਮਾਰੇ ਸੱਜੀ ਗੱਲ ਤੇ, ਖੱਬੀ ਕਰ ਤਿਆਰ
ਵੈਰੀ ਨੂੰ ਨਹੀਂ, ਵੈਰੀ-ਪਨ ਦੇ ਜਜ਼ਬੇ ਨੂੰ ਤੂੰ ਮਾਰ
ਈਸਾ ਦੇ ਇਸ ਪ੍ਰੇਮ ਸੁਣੇਹੇ ਦਿੱਤਾ ਜੀਵਨ ਦਾਨ
ਸੱਭ ਦੀ ਖ਼ਾਤਿਰ ਸੂਲੀ ਚੜ੍ਹਿਆ, ਉਂਫ਼ ਨਾ ਕੀਤੀ 'ਜਾਨ'
ਪਾਕ ਮੁਹੰਮਦ ਕੂੜਾ ਸੁੱਟਣ ਵਾਲੀ ਦੇ ਘਰ ਆਏ
ਜਿਸ ਨੇ ਸੀ ਤਕਲੀਫ਼ ਪਹੁੰਚਾਈ, ਇਸ ਦੇ ਮਾਣ ਵਧਾਏ
ਜਦ ਵੀ ਵੈਰੀ ਅਰਜੁਨ ਦੇਵ ਨੂੰ ਕੋਈ ਜ਼ਖ਼ਮ ਲਗਾਏ
“ਤੇਰਾ ਭਾਣਾ ਮਿੱਠਾ ਲਾਗੇ” ਗੁਰੂ ਇਹੋ ਫ਼ਰਮਾਏ
ਸਿਰ ਤੋਂ ਲੈ ਕੇ ਪੈਰਾਂ ਤੀਕਰ ਇਹ ਸਨ ਸਾਰੇ ਪ੍ਰੀਤ
ਪਰ ਇਸ ਪ੍ਰੀਤ ਨੂੰ ਮੰਨਣ ਵਾਲਿਆਂ ਇੰਜ ਨਿਭਾਈ ਰੀਤ
ਦੂਜਿਆਂ ਨਾਲ ਇਹ ਪਿਆਰ ਕੀ ਕਰਦੇ, ਵੇਖ ਕੇ ਇਨ੍ਹਾਂ ਵਲ
ਇਨ੍ਹਾਂ ਵਿੱਚ ਵੀ ਜੰਗ ਕਰਾਈ, ਕੀਤੇ ਇੰਨੇ ਛੱਲ
ਜਿੰਨ੍ਹਾਂ ਨੂੰ ਤੂੰ ਸੱਭ ਕੁਝ ਮੰਨੇ, ਗੱਲ ਵੀ ਉਹਦੀ ਮੇਨ
ਜੇ ਤੂੰ ਬਣਨਾ ਪ੍ਰੀਤਮ ਰੱਬ ਦਾ, ਪ੍ਰੇਮ ਪੁਜਾਰੀ ਬਣ