ਖ਼ੁਦਾ ਨੇ ਇਸ਼ਕ਼ ਨੂੰ ਬਖ਼ਸ਼ੀ ਹੈ ਧੋਖਾ ਖਾਣ ਦੀ ਆਦਤ ।
ਫ਼ਰੇਬੀ ਹੁਸਨ ਨੂੰ ਅਜ਼ਮਾ ਕੇ ਫਿਰ ਅਜ਼ਮਾਣ ਦੀ ਆਦਤ ।
ਜ਼ਮਾਨੇ ਤੋਂ ਜਰੀ ਜਾਣੀ ਨਹੀਂ ਇਹ ਦੇਰ ਤੱਕ ਕਲੀਏ
ਤੇਰੀ ਖ਼ੁਸ਼ ਰਹਿਣ ਦੀ ਆਦਤ ਤੇਰੀ ਮੁਸਕਾਣ ਦੀ ਆਦਤ ।
ਖੁਆ ਕਾਂਵਾਂ ਨੂੰ ਹੀ ਜੇ ਗੰਦ ਰਿਸ਼ਵਤ ਦਾ ਖੁਆਉਣਾ ਹੈ
ਕਿ ਹੰਸਾਂ ਨੂੰ ਨਹੀਂ ਹੁੰਦੀ ਇਹ ਗੰਦਗੀ ਖਾਣ ਦੀ ਆਦਤ ।
ਤੂੰ ਝੁੱਗੀ ਪਿਆਰ ਦੀ ਸਾੜੀ ਤੇ ਯਾਰਾਂ ਨੂੰ ਜੁਦਾ ਕੀਤਾ
ਗਈ ਫਿਰ ਵੀ ਨਾ ਇਹ ਤੇਰੀ ਪੁਆੜੇ ਪਾਣ ਦੀ ਆਦਤ ।
ਇਹ ਸੁੱਖ ਪਿੰਜਰੇ ਦੀ ਮੰਗਦਾ ਹੈ ਤੇ ਗੁਣ ਮਾਲਿਕ ਦੇ ਗਾਉਂਦਾ ਹੈ
ਜਦੋਂ ਤੋਂ ਪੈ ਗਈ ਤੋਤੇ ਨੂੰ ਚੂਰੀ ਖਾਣ ਦੀ ਆਦਤ ।
ਗ਼ੁਲਾਮੀ ਉਹ ਕਿਸੇ ਦੀ ਕਦ ਭਲਾ ਤਸਲੀਮ ਕਰਦੇ ਨੇ
ਜਿਨ੍ਹਾਂ ਨੂੰ ਅਣਖ ਅਪਣੀ ਤੇ ਹੈ ਮਰ ਮਿਟ ਜਾਣ ਦੀ ਆਦਤ ।
ਤੂੰ ਸ਼ਾਇਰ ਏਂ ਵਜ਼ੀਫ਼ਾ ਮੰਗ ਨਾ ਇਹਨਾਂ ਮੰਗਤਿਆਂ ਕੋਲੋਂ
ਕਿ ਇਹਨਾਂ ਨੂੰ ਤਾਂ ਪਹਿਲੋਂ ਹੀ ਏ ਮੰਗ ਕੇ ਖਾਣ ਦੀ ਆਦਤ
ਉਹ ਇਕ ਦੇ ਹੋ ਨਹੀਂ ਸਕਦੇ ਉਹ ਇਕ ਥਾਂ ਟਿਕ ਨਹੀਂ ਸਕਦੇ
ਜਿਨ੍ਹਾਂ ਨੂੰ ਪੈ ਗਈ ਦਰ ਦਰ ਤੇ ਧੱਕੇ ਖਾਣ ਦੀ ਆਦਤ ।
ਕਿਸੇ ਦੇ ਹਿਜਰ ਵਿਚ ਇਸ ਨੂੰ ਨਹੀਂ ਹੁਣ ਵਿਹਲ ਰੋਣੇ ਤੋਂ
ਕਦੀ “ਆਰਿਫ਼ ਨੂੰ ਹੁੰਦੀ ਸੀ ਸਦਾ ਮੁਸਕਾਣ ਦੀ ਆਦਤ ।