ਮੈਂ ਮੁਟਿਆਰ ਤੇ ਬਾਬਲ ਵਿਹੜੇ ਵੇਖਣ ਆਉਣ ਵਪਾਰੀ
ਦਿਲ ਦਾ ਵਣਜ ਕਰਾਂ ਮੈਂ ਕੀਕਣ ਇਹ ਨਾ ਚੀਜ਼ ਬਜ਼ਾਰੀ
ਵੋਟਾਂ ਪਾਈਏ ਨੇਤਾ ਚੁਣੀਏ ਕੁਰਸੀ ਬਹਿਣ ਲੁਟੇਰੇ
ਇਹ ਕੇਹੀ ਆਜ਼ਾਦੀ ਆਈ ਡਾਕੂ ਵੀ ਸਰਕਾਰੀ
ਕੱਟੇ ਪੈਰ ਉਨ੍ਹਾਂ ਜਦ ਮੇਰੇ ਮੰਜ਼ਲ ਭੁਬੀਂ ਰੋਈ
ਪਰ ਮੇਰਾ ਕੁਝ ਭਾਰ ਲਹਿ ਗਿਆ ਸੌਖੀ ਹੋਈ ਉਡਾਰੀ
ਰਿਸ਼ਤੇ ਸਾਕ-ਸਬੰਧੀ ਦੋਸਤ ਕਿੱਥੇ ਤੁਰ ਗਏ ਸਾਰੇ
ਮੇਰੇ ਜੀਵਨ ’ਚੋਂ ਤੁਰਿਆਂ ਦੀ ਮੈਨੂੰ ਯਾਦ ਪਿਆਰੀ
ਰਾਤੀਂ ਕਾਤਲ, ਦਿਨੇ ਉਹ ਮੁਨਸਫ, ਕਿਸਨੂੰ ਦੋਸ਼ੀ ਆਖਾਂ
ਨਾ ਹੀ ਮੈਥੋਂ ਮੌਤ ਆਪਣੀ ਜਾਂਦੀ ਹੈ ਸਵੀਕਾਰੀ