ਇਸ਼ਕ ਤੇ ਈਸ਼ਵਰ

ਮੈਂ ਵੇਖੇ ਨੇ ਵਰਖਾ ਰੁੱਤੇ

ਬਿਰਖ ਤੇਰੇ ਘਰ ਸੁੱਕੇ ਸੁੱਕੇ।

ਕਿੰਨੇ ਸੂਰਜ ਚੜ੍ਹ ਚੜ੍ਹ ਥੱਕੇ

ਅਜੇ ਹਨੇਰਾ ਕਿਉਂ ਨਾ ਮੁੱਕੇ?

ਫ਼ਿਕਰ ਸੁਪਨਿਆਂ ਦਾ ਹੈ ਸਾਨੂੰ

ਅਸੀਂ ਤਾਂ ਸੌਂ ਜਾਵਾਂਗੇ ਭੁੱਖੇ।

ਸ਼ੁਕਰ ਤੇਰੀਆਂ ਯਾਦਾਂ ਆਈਆਂ

ਸੁੰਞੇ ਘਰੀਂ ਪਰਾਹੁਣੇ ਢੁੱਕੇ।

ਰੂਪ ਨਾ ਰੇਖ ਨਾ ਰੰਗ ਇਨ੍ਹਾਂ ਦਾ

ਇਸ਼ਕ, ਈਸ਼ਵਰ ਇੱਕੋ ਜਿੱਕੇ।

ਜਦੋਂ ਮਰੇ ਤਾਂ ਇਉਂ ਮਰਨਾ ਹੈ

ਅੰਬਰੋਂ ਜਿਵੇਂ ਸਤਾਰਾ ਟੁੱਟੇ।

ਜੇ ਤਲਵਾਰ ਪਰਖ ਲੇ ਗਰਦਨ

ਮੇਰੇ ਸਿਰ ਤੋਂ ਭਾਰ ਤਾਂ ਲੱਥੇ।