ਪੌਣ ਰੋ ਰਹੀ

ਆਓ ਟੁਰੋ ਹਨੇਰ ਜੇ ਰਾਹਾਂ ’ਚ ਫੇਰ ਕੀ

ਮਿਲਿਆ ਅਜੇਹੇ ਸਫ਼ਰ ਵਿਚ ਹੀ ਸਾਥ ਰੌਸ਼ਨੀ

ਕਮਰੇ ’ਚ ਬੈਠਕੇ ਹੀ ਨਾ ਤੂੰ ਫੁੱਲ ਚਿਤ੍ਰਦਾ ਰਹੁ

ਬਾਹਰ ਤਾਂ ਵੇਖ ਰੁੱਤ ਹੈ ਪੱਥਰ ਲਈ ਖੜ੍ਹੀ

ਜ਼ੁਲਮ ਰੁੱਤੇ ਸੌਂ ਗਈ ਆਵਾਜ਼ ਛਿਣ ਲਈ

ਮੈਂ ਤਾਂ ਨਹੀਂ ਸੁੱਤਾ ਮੇਰੀ ਹੈ ਅੱਖ ਜਾਗਦੀ

ਰੁਲਣੀ ਜ਼ਮੀਨ ਤੇ ਸੀ ਮੇਰੀ ਖ਼ਾਕ ਉਮਰ ਭਰ

ਸਦਕੇ ਹਨੇਰੀਆਂ ਦੇ ਹੈ ਅਸਮਾਨ ਛੂਹ ਗਈ

ਰਾਖਾ ਚਮਨ ਦਾ ਫੇਰ ਕੋਈ ਕਤਲ ਹੋ ਗਿਆ

ਮਿਲ ਮਿਲ ਗਲੇ ਹੈ ਪੱਤਿਆਂ ਦੇ ਪੌਣ ਰੋ ਰਹੀ

ਰੰਗੇ ਨੇ ਪਹੀਏ ਰੇਲ ਦੇ ਡੱਬੇ ਵੀ ਹੈਣ ਚੁਪ

ਤੇਰੇ ਹੀ ਸ਼ਹਿਰ ਫੇਰ ਕਿਉਂ ਇਕ ਹੋਰ ਖ਼ੁਦਕਸ਼ੀ

ਲਹਿਰਾਂ ਨੇ ਖੋਰ ਸੁਟਿਆ ਹਰ ਕਣ ਸਰੀਰ ਦਾ

ਸਾਗਰ ਕਰੀਬ ਰਹਿਣ ਦੀ ਕੇਹੀ ਸਜ਼ਾ ਮਿਲੀ