ਸਾਡੇ ਸਾਹਾਂ ਵਿਚ ਰਚ ਗਇਓਂ ਆਹ ਬਣ ਕੇ ।
ਸਾਡੀ ਜ਼ਿੰਦਗੀ 'ਚ ਆ ਜਾ ਤੂੰ ਵਿਸਾਹ ਬਣ ਕੇ ।
ਸਾਨੂੰ ਮੰਜ਼ਿਲਾਂ ਨੇ ਲੱਖ ਲੱਖ ਪਾਈਆਂ ਬੇੜੀਆਂ,
ਤੇਰੇ ਪੈਰੀਂ ਅਸੀਂ ਵਿਛੇ ਰਹੇ ਰਾਹ ਬਣ ਕੇ ।
ਸਾਡੇ ਬੋਲਾਂ ਨੂੰ ਨਾ ਕੋਈ ਵੀ ਪਛਾਣ ਸਕਿਆ,
ਸਾਡੀ ਚੁੱਪ ਬੁਲ੍ਹੀਂ ਬੈਠੀ ਏਂ ਗੁਆਹ ਬਣ ਕੇ ।
ਬੈਠੀ ਗ਼ਮਾਂ ਦੀਆਂ ਬੇੜੀਆਂ 'ਚ ਜਿੰਦ ਡੋਲਦੀ,
ਤੂਹੀਓਂ ਰੱਖ ਲਏਂ ਤਾਂ ਰੱਖ ਲਏਂ ਮਲਾਹ ਬਣ ਕੇ ।
ਅਸੀਂ ਸ਼ੀਸ਼ਾ ਏ ਭਵਿੱਖ ਵਾਲਾ ਜਦੋਂ ਦੇਖਿਆ
ਸਾਡੀ ਹੋਂਦ ਸਾਨੂੰ ਦਿੱਸੀ ਏ ਗੁਨਾਹ ਬਣ ਕੇ ।
ਸਾਥੋਂ ਕੱਚੇ ਦੀਵਿਆਂ ਤੇ ਨਹੀਓਂ ਹੁੰਦੀ ਗੁਜ਼ਰਾਨ,
ਅਸੀਂ ਜੀ ਲਿਆ ਬਥੇਰਾ ਖਾਨਗਾਹ ਬਣ ਕੇ ।
ਅਸੀਂ ਪੁੱਛਿਆ 'ਦੀਦਾਰ' ਦਾ ਮਸਾਣ ਸਾਨੂੰ ਬੋਲੇ,
'ਉਹ ਤੇ ਉੱਠ ਗਇਆ ਕਦੋਂ ਦਾ ਸੁਆਹ ਬਣ ਕੇ ।'