ਸ਼ਾਮ ਢਲੇ

ਤੇਰੇ ਹੱਥੋਂ ਉੱਚੀ ਥਾਂ ਤੋਂ ਗਿਰ ਕੇ ਟੁਟਣਾ ਚਾਹਵਾਂ

ਟੁਕੜਾ ਟੁਕੜਾ ਕਰਾਂ ਇਕੱਠਾ ਤੇਰੇ ਘਰ ਦੇ ਆਵਾਂ।

ਉੱਚੀ ਥਾਂ ’ਤੋਂ ਗਿਰ ਕੇ ਟੁੱਟਾ ਕਦੇ ਇਉਂ ਮੈਂ ਚਾਹਵਾਂ

ਇਕ ਇਕ ਟੁਕੜਾ ਜੋੜਾਂ ਬਹਿ ਕੇ, ਮੈਂ ਫਿਰ ‘ਮੈਂ’ ਬਣ ਜਾਵਾਂ।

ਸ਼ਾਮੀਂ ਛਿਣ ਛਿਣ ਵਧੇ ਜਿਵੇਂ ਇਹ ਹੈ ਦੁਸ਼ਮਣ ਦਾ ਕੱਦ

ਰਾਤੀਂ ਮਸਾਂ ਸਮੇਟਾਂ ਆਪਣਾ ਖ਼ੌਫਨਾਕ ਪਰਛਾਵਾਂ।

ਮੁੱਦਤ ਪਿੱਛੋਂ ਖ਼ਬਰੇ ਤੇਰਾ ਬੋਲ ਸੁਣ ਪਏ ਈਕੁਣ

ਟਿਕੀ ਰਾਤ ਨੂੰ ਇਕ ਮਨ ਹੋ ਕੇ ਆਪਣਾ ਆਪ ਬੁਲਾਵਾਂ।

ਜੰਮਦੇ ਖ਼ਾਬ ਕਤਲ ਹੋ ਜਾਂਦੇ, ਭਰ ਜੋਬਨ ਵਿਚ ਪੁੱਤ

ਤੇਰੇ ਮੇਰੇ ਸ਼ਹਿਰ ਘਟਦੀਆਂ ਇੱਕੋ ਹੀ ਘਟਨਾਵਾਂ।

ਜਦੋਂ ਸਬੂਤਾ ਸਾਂ ਸੌਖਾ ਸੀ ਤੇਰਾ ਅਕਸ ਲਕੋਣਾ

ਹੁਣ ਹਰ ਟੁਕੜੇ ਤੇਰਾ ਚਿਹਰਾ, ਸਾਰੇ ਕਿਵੇਂ ਛੁਪਾਵਾਂ?

ਸ਼ਾਮ ਢਲੇ ਮਿਰੇ ਮਨ ’ਚੋਂ ਤੇਰੀ ਯਾਦ ਗੁਜ਼ਰਦੀ ਈਕੁਣ

ਜਿਉਂ ਹੜ੍ਹ ਵਿਚ ਦਰਿਆ ’ਤੋਂ ਲੰਘੇ ਪੰਛੀ ਦਾ ਪਰਛਾਵਾਂ।