ਠਰੀ ਬਰਫ਼

ਸੁਣਿਆ ਸੀ ਤੇਰੇ ਸ਼ਹਿਰ ’ਚ ਵਗਦਾ ਨਹੀਂ ਕੋਈ ਦਰਿਆ

ਫਿਰ ਮੈਂ ਗਲੀ ਗਲੀ ਵਿਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।

ਕਬਰਾਂ ’ਤੇ ਫੁੱਲ ਚੜ੍ਹੇ ਵੇਖ ਕੇ ਲਾਲਚ ਹੋ ਗਿਆ ਮੈਨੂੰ

ਧਰਮ ਤੋਂ ਆਕੀ ਹੋ ਕੇ ਦੇਣਾ ਮੈਨੂੰ ਵੀ ਦਫ਼ਨਾ |

ਸਾਗਰ ਹਾਂ ਨਿਤ ਤੁਪਕਾ ਤੁਪਕਾ ਪੌਣ ਚੁਰਾਉਂਦੀ ਮੈਨੂੰ

ਲੱਖ ਸ਼ੁਕਰ ਘਰ ਮੋੜ ਲਿਆਉਂਦੇ ਬਾਰਸ਼ ਤੇ ਦਰਿਆ।

ਦਸਤਕ ਹੋਵੇ, ਬੂਹਾ ਖੋਲ੍ਹਾਂ, ਸੁਣਨ ਦੌੜਦੇ ਪੈਰ

ਟਿਕੀ ਰਾਤ ਨੂੰ ਤੂੰ ਜਾਵੇਂ ਬਣ ਕੇ ਤੇਜ਼ ਹਵਾ।

ਠਰੀ ਬਰਫ਼ ’ਤੇ ਡੋਲ੍ਹੀ ਜਾਂਦੇ ਆਪਦਾ ਤੰਤਾ ਖ਼ੂਨ

ਮਾਂ ਵੰਡਣ ਲਈ ਇਹ ਕੀ ਕਰਦੇ ਜੌੜੇ ਦੁਏ ਭਰਾ?

ਮਿੱਟੀ ਉੱਤੇ ਲੀਕ ਅਜੇ ਵੀ ਵਾਹੀ ਗਈ ਨਾ ਸਾਥੋਂ

ਲੱਖਾਂ ਪੁੱਤਰ ਗਭਰੂ ਕਰਕੇ ਦਿੱਤੇ ਖ਼ੁਦ ਮਰਵਾ।

ਸ਼ਹਿਰ ਪਰਾਏ ‘ਧੁੱਪ ਦਰਿਆਂ’ ਦੀ ਹੋਂਦ ਨਾ ਮੰਨੇ ਕੋਈ

ਪਿੰਡ ਕਹੇ ਉਹ ਨਹੀਂ ਅਸਾਡਾ ਉਹ ਘਰ ਛੱਡ ਗਿਆ।

ਰੇਤਾ ਉੱਤੇ ਪੈੜ ਛੱਡ ਕੇ ਮੈਂ ਪੌਣੀਂ ਰਲ ਜਾਣਾ

ਫਿਰ ਪਰਵਾਸੀ ਕਹਿਕੇ ਮੈਨੂੰ ਕਰੋਂਗੇ ਕਿਵੇਂ ਜੁਦਾ