ਭਗਤ ਸਿੰਘ

ਸ਼ਹਿਰ ਦੇ ਸਭ ਤੋਂ ਪੁਰਾਣੇ

ਵੱਡੇ ਤੇ ਪਾਸ਼ ਏਰੀਏ ਨੂੰ

ਕਨਟੋਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ—

ਸੁੰਨ ਮਸਾਣ

ਆਦਮ ਬੋ ਆਦਮ ਬੋ ਕਰਦਾ

ਜਿਵੇਂ ਕੋਈ ਦਿਓ ਫਿਰਦਾ ਹੋਵੇ ਗਲੀਆਂ ਚ—

ਏਸੇ ਨਗਰ ਦਾ ਬਸ਼ਿੰਦਾ

ਹੁਸਨਦੀਪ !

ਮਹਾਰਾਜਾ ਫ਼ਰੀਦਕੋਟ ਦੇ ਨਿੱਜੀ ਡਾਕਟਰ ਰਹੇ

ਡਾਕਟਰ ਸੁੱਚਾ ਸਿੰਘ ਦਾ ਪੋਤਰਾ

ਬਿੰਦੇ ਬਿੰਦੇ ਬਿਹਬਲ ਹੋ ਉੱਠਦਾ-

ਸਿਰੇ ਦੀ ਸਹਿਜਤਾ 'ਚ

ਵਿਚਰਨ ਆਲਾ ਬੰਦਾ

ਏਨੀ ਪ੍ਰੇਸ਼ਾਨੀ 'ਚ ਬੁੜਬੜਾਉਂਦਾ

ਹੈਰਾਨੀਜਨਕ ਨਹੀਂ

ਅਚੰਭਾ ਵੀ ਮੇਰੇ ਲਈ—

ਫ਼ੋਨ ਕਰਕੇ ਆਖਦੈ

ਇਹ ਸਾਲੀ ਜ਼ਿੰਦਗੀ ਕੋਈ

ਬੰਦਾ ਸੈਰ ਨੀ ਕਰ ਸਕਦਾ

ਸ਼ਹਿਰ ਬਜ਼ਾਰ ਨੀ ਜਾ ਸਕਦਾ

ਕਿਸੇ ਭੈਣ ਭਰਾ ਦੋਸਤ ਮਿੱਤਰ ਕੋਲ ਜਾਣਾ ਮਨ੍ਹਾ ਕਰਤਾ

ਐਹੋ ਜੀ ਗੁਲਾਮੀ ਨਾਲੋਂ ਬੰਦਾ ਮਰਿਆ ਚੰਗਾ

ਬੇਬਾਕੀ 'ਚ ਬੋਲਦਿਆਂ

ਓਹ ਹੋਰ ਦੋ ਚਾਰ ਗਾਲ੍ਹਾਂ ਕੱਢ ਕੇ

ਜਿਵੇਂ ਮਨ ਦਾ ਭਾਰ ਗਲੱਛਦਾ ਹੋਵੇ

ਹੋਰ ਤਾਂ ਹੋਰ

ਗੁਰਦੁਆਰਾ ਸਾਹਿਬ ਮਸਾਂ ਡੂਢ ਸੌ ਗਜ ਆਪਣੇ ਘਰੋਂ

ਸੋਚਿਆ ਚਲੋ ਸਿਰ ਨਿਵਾ ਆਈਏ

ਚਿੱਤ ਟਿਕਾਣੇ ਆਊ ਕੁਸ਼

ਤੁਰੇ ਜਾਂਦੇ ਦੇ ਪਿੱਛੋਂ

ਡੰਡੇ ਦੀ ਹੁੱਝ ਮਾਰੀ ਕਿਸੇ ਨੇ ਮੋਢੇ 'ਚ

“ਕਿੱਧਰ ਮੂੰਹ ਚੱਕਿਆ ਬਈ ਓਏ ?

ਘਰੇ ਟਿਕੋ ਘਰੇ

ਝਰਨਾਹਟ ਫਿਰਗੀ ਸਰੀਰ 'ਚ ਬਾਈ-

ਹੁਸਨਦੀਪ ਦਾ ਵੇਗ ਜਾਰੀ

ਭਗਤ ਸਿਓ ਦੂਰਦਰਸ਼ੀ ਸੀ

ਚੇਤਨ ਤੇ ਚੌਕਸ

ਆਪਾਂ ਨੂੰ ਤਾਂ ਬਸ ਆਵਦੀ ਚਿੰਤਾ ਬਾਈ

ਉਹਨੂੰ ਸਾਰਿਆਂ ਦਾ ਫ਼ਿਕਰ ਸੀ

ਐਵੇਂ ਨੀ ਸੀ ਚੜਿਆ ਤਖ਼ਤੇ 'ਤੇ

ਇਹ ਰੋਕਾਂ, ਇਹ ਮਨਾਹੀਆਂ

ਇਹ ਬੰਦਸ਼ਾਂ, ਇਹ ਗੁਲਾਮੀ

ਏਦੂੰ ਤਾਂ ਬੰਦਾ ਮਰਿਆ ਚੰਗਾ

ਸੋਲਾਂ ਆਨੇ ਸਹੀ ਸੀ ਬਾਈ ਭਗਤ ਸਿਓਂ

ਹਸਨਦੀਪ ਦੀ ਵੇਦਨਾ ਦਾ

ਕੋਈ ਢੁਕਵਾਂ ਜੁਆਬ ਔਹੜ ਨੀ ਰਿਹਾ ਮੈਨੂੰ

ਤੇ ਪਿੱਛੋਂ ਪਤਨੀ ਬੋਲ ਉੱਠਦੀ

ਆਹ ਲਾਲ ਨੂੰ ਸਮਝਾਓ ਆਵਦੇ ਨੂੰ

ਭੋਰਾ ਭਰ ਜੁਆਕ ਨੇ ਠਿੱਠ ਕਰ ਮਾਰਿਆ ਮੈਨੂੰ

ਅਖੇ ਸਰੋਂ ਫੁੱਲੀ ਪੱਗ ਕੱਢ ਕੇ ਦੇ ਮੈਨੂੰ

ਭਗਤ ਸਿੰਘ ਵਾਲੀ

ਹੁਣੇ ਖੜ੍ਹੀ ਖੜੋਤ

ਬਈ ਪੁੱਛਣ ਆਲਾ ਹੋਵੇ

ਪਿਛਲੇ ਮਾਰਚ ਦੀ ਸਾਂਭੀ ਵੀ

ਸਾਲ ਭਰ ਦੀ

ਹੁਣ ਮੌਕੇ 'ਤੇ ਥਿਆਉਂਦੀ ਭਲਾ ?!!