ਮੈਂ ਆਪਣੇ ਸੁਫ਼ਨਿਆਂ ਦੀ ਕਾਲ ਕੋਠੜੀ ਵਿਚ ਦਫ਼ਨ,
ਕਦੋਂ ਮਿਲ ਸਕਾਂਗਾ, ਆਪਣੇ ਅੰਦਰ ਸੁਲਗਦੀ
ਇਕ ਸੂਰਜੀ ਚਿਲਕੋਰ ਨੂੰ।
ਮੈਂ ਲਗਾਤਾਰ ਆਪਣੀ ਮੌਤ ਦੇ ਖੂਹ ਵਿਚ ਝਾਕਦਾ
ਕਦੋਂ ਤੱਕ ਸਕਾਂਗਾ - ਜ਼ਿੰਦਗੀ ਦੀ ਤੋਰ ਨੂੰ
ਕਿਸੇ ਹੋਰ ਨੂੰ
ਕਲਾਵੇ 'ਚ ਭਰ ਸਕਾਂਗਾ - ਆਪਣੀ ਝੱਲ ਵਲੱਲੀ ਤੋਰ ਨੂੰ
ਬੱਦਲ ਜੇ ਬੰਜਰ ਰਹੇ ਏਸੇ ਤਰ੍ਹਾਂ ਹੀ ਉਮਰ ਭਰ
ਕੀ ਕਹਾਂਗਾ ਥਕਾਵਟ 'ਚ ਲਥਪਥ ਨੱਚਦੇ
ਆਪਣੇ ਮਨ ਦੇ ਮੋਰ ਨੂੰ,
ਘਟਾ ਘਨਘੋਰ ਨੂੰ
ਸਿੱਕਾ ਪਿਘਲ ਕੇ ਡਰ ਦਾ ਕੋਈ
ਕੰਨੀਂ ਜੇ ਮੇਰੇ ਪੈ ਗਿਆ
ਕਿੰਜ ਸੁਣ ਸਕਾਂਗਾ ਮੈਂ
ਚੁੱਪ ਦੀ ਬੁੱਕਲ 'ਚ ਸਹਿਮੇ
ਦਰਦ ਦੇ ਪਹਿਲੇ ਸ਼ੋਰ ਨੂੰ
ਉੱਡਣ ਦੀ ਇੱਛਾ ਹੀ ਜੇ ਕਿਧਰੇ ਉੱਡ ਗਈ
ਕੀ ਕਰਾਂਗਾ ਪੈਰੀਂ ਪੁਆਈਆਂ ਬੇੜੀਆਂ ਦੀ ਟੌਹਰ ਨੂੰ,
ਸੀਖਾਂ ਦੇ ਸੰਗ ਰੁਮਕਦੇ ਹਥਕੜੀਆਂ ਦੇ ਬੋਰ ਨੂੰ
ਚਾਦਰੇ ਸ਼ਮਲੇ ਹਮੇਲਾਂ ਨਜ਼ਮਾਂ ਤੁਰਦੀਆਂ ਰੂ-ਬ-ਰੂ
ਸਫ਼ਰ ਦੇ ਵਿਚ ਛੱਡ ਨਾ ਜਾਣ ਆਪਣੇ ਚਿਤ-ਚੋਰ ਨੂੰ
ਬੰਨ੍ਹ ਕੇ ਚੁੰਨੀ ਦੀ ਕੰਨੀ
ਅਣਲਏ ਸਾਹਾਂ ਦੀ ਮਹਿਕ
ਪਤਝੜ ਜੇ ਰੁੱਸੀ ਰਹੀ ਏਸੇ ਤਰ੍ਹਾਂ
ਕਿੰਜ ਛੂਹ ਸਕਾਂਗਾ ਮੈਂ
ਫੁੱਲਾਂ ਦੇ ਦਿਲ ਦੀ ਜੰਮੀ ਪਿਆਸੀ ਥੋਹਰ ਨੂੰ।