ਅਣਗਿਣਤ ਬਾਂਹਾਂ, ਅਤਿ ਤੀਖਣ ਦਿਮਾਗ ਵਾਲਾ
ਤੰਦੂਆ ਹੈ ਇਕ, ਹਰ ਪਲ ਰੂਪ ਬਦਲਦਾ
ਲਚਕੀਲਾ ਬੇਹੱਦ ਢਲਨਸ਼ੀਲ ਉਹ
ਦਿਮਾਗ ਮੇਰੇ ਦੇ ਗੁੱਝੇ ਹਨੇਰੇ ਕੋਨਿਆਂ ਚ
ਘੁਸ ਆਉਂਦਾ
ਕਦੇ ਗਿਰਗਿਟ, ਦਿਲ ਮੇਰੇ ਦੀ ਧੜਕਨ ਪਛਾਣਦਾ
ਸਾਹ ਦੇ ਰਤਾ-ਮਾਸਾ ਅਸਾਵੇਂਪਨ ਨੂੰ ਵੀ ਭਾਂਪ ਲੈਂਦਾ
ਤੇ ਗੂੜ੍ਹੇ ਲਾਲ ਤੇ ਪੀਲੇ ਰੰਗਾਂ ਚ ਭਖਣ ਲੱਗਦਾ
ਸਿਰ ਚੁੱਕਦਾ ਪਿੱਠ ਧਨੁਖ ਜਿਉਂ ਕੱਸ ਲੈਂਦਾ
ਜ਼ੇਨ ਯੋਧੇ ਦੀ ਕਥਾ ਪਿੱਛੇ ਲੁਕਦਾ ਕਦੇ
ਧਿਆਨ-ਵਿਧੀ ਦੀ ਟੇਕ ਲੈਂਦਾ
ਸਿਆਲ ਦੀ ਲਿਸ਼ਕਦੀ ਧੁੱਪ ਵਾਲੇ
ਖਿੜੇ ਦਿਨ ਦੀ ਓਟ ਢੂੰਡਦਾ ਕਦੇ
ਮੈਂ ਹੁਣ-ਛਿਣ ਚ ਜਿਉਣ ਦੀ ਪਨਾਹ ਲੈਂਦਾ
ਪਰ ਕੁਕਨਸ ਹੈ ਉਹ –
ਜਿੰਨੀ ਵਾਰ ਮੈਂ ਉਹਨੂੰ ਸਾੜ ਸਵਾਹ ਕਰਦਾ
ਓਨੀ ਵਾਰ ਉਹ ਮੁੜ ਬਣੇ-ਸੰਵਰੇ ਪਰਾਂ ਨਾਲ
ਉੱਠਦਾ ਰਾਖ ਚੋਂ ਉੱਡਣ ਲੱਗਦਾ