ਰੁੱਖੇ ਪਰਬਤ ਖ਼ਬਰੀ, ਦਿੱਸੇ ਨਾ ਤੀਲਾ,
ਖੱਡਾਂ ਵਾਛਾਂ ਅੱਡੀਆਂ, ਸੱਜੇ ਤੇ ਖੱਬੇ।
ਸਿਰ-ਤਲਵਾਈਆਂ ਘਾਟੀਆਂ ਨਾ ਚੱਲੇ ਹੀਲਾ,
ਕਿੱਲੀ ਖਾਨ ਜ਼ਮਾਨ ਦੀ ਚੋਟੀ ਤੇ ਫੱਬੇ ।
ਪੈਰਾਂ ਵਿਚ ਪਹਾੜ ਦੇ ਚਾਰੇ ਹੀ ਪਾਸੇ,
ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਏ।
ਘੇਰਾ ਚਿੱਟੇ ਤੰਬੂਆਂ ਦਾ ਏਦਾਂ ਭਾਸੇ,
ਜਿਉਂ ਜੱਟੀ ਦੇ ਪੈਰ ਵਿਚ ਪੰਜੇਬ ਸੁਹਾਏ।
ਰਾਹ ਕਿੱਲੀ ਦਾ ਲੁਕਵਾਂ ਸੀ ਐਸਾ ਕੋਈ,
ਭੇਤੀ ਬਾਝੋਂ ਕਠਨ ਸੀ ਉਸ ਤਾਈਂ ਪਾਣਾ ।
ਚੱਪਾ ਚੱਪਾ ਖੋਜੀਆਂ ਨੇ ਧਰਤੀ ਟੋਹੀ,
ਲੱਭਾ ਨਾ ਪਰ ਓਸ ਦਾ ਕੋਈ ਰਾਹ ਟਿਕਾਣਾ ।
ਇੱਕ ਦਿਹਾੜੇ ਖੋਜੀਆਂ ਡਿੱਠੇ ਸਭਿਆਰੇ,
ਨਾਲ ਪਹਾੜੀ ਛਹਿਟ ਕੇ ਦੋ ਬੰਦੇ ਲੱਗੇ:
ਇਕ ਅਲੂੰਆਂ ਛੋਕਰਾ, ਇਕ ਬੁੱਢੇ ਵਾਰੇ,
ਪਕੜ ਲਿਆਏ ਦੋਹਾਂ ਨੂੰ ਨਲੂਏ ਦੇ ਅੱਗੇ।
ਕਰ ਕੇ ਮੁੱਛਾਂ ਕੁੰਡੀਆਂ ਤੇ ਚਿਹਰਾ ਸੂਹਾ,
ਵੱਲ ਉਨ੍ਹਾਂ ਦੇ ਕਦਮ ਦੋ ਨਲੂਏ ਨੇ ਪੁੱਟੇ:
“ਛੇਤੀ ਛੇਤੀ ਦਸ ਦਿਉ ਕਿੱਲੀ ਦਾ ਬੂਹਾ,
ਨਹੀਂ ਤਾਂ ਅੰਦਰ ਖੰਡ ਦੇ ਜਾਓਗੇ ਸੁੱਟੇ ।”
ਬਿਟ ਬਿਟ ਬੁੱਢੇ ਵੇਖਿਆ ਸੱਜੇ ਤੇ ਖੱਬੇ,
ਇਕ ਦਰ ਖੱਡਾਂ ਡੂੰਘੀਆਂ, ਇਕ ਦਰ ਤਲਵਾਰਾਂ।
ਮਾਰ ਖੰਘੂਰਾ ਬੋਲਿਆ, “ਜੇ ਹੱਟਣ ਸੱਭੇ,
ਕੱਲਾ ਅੱਗੇ ਸ਼ੇਰ ਦੇ ਮੈਂ ਅਰਜ਼ ਗੁਜ਼ਾਰਾਂ।”
ਕਰ ਕੇ ਅੱਖਾਂ ਨਿੱਕੀਆਂ ਤੇ ਵਾਜ਼ ਛੁਟੇਰੀ
ਹੌਲੀ ਹੌਲੀ ਆਖਿਆ ਫਿਰ ਬੁੱਢੇ ਬਾਵੇ:
“ਰਾਹ ਕਿੱਲੀ ਦਾ ਦੱਸਨਾਂ ਮੈਂ ਲੱਖਾਂ ਵੇਰੀ,
ਖ਼ੌਫ ਆਪਣੇ ਪੁੱਤ ਦਾ ਪਰ ਮੈਨੂੰ ਖਾਵੇ।
“ਬੀਬੀ ਦਾਹੜੀ ਰੱਖ ਕੇ ਮੈਂ ਕਿੱਦਾਂ ਵੇਚਾਂ,
ਪੁੱਤਰ ਸਾਹਵੇਂ ਇਜ਼ਤਾਂ ਸਿੰਘਾਂ ਸਰਦਾਰਾ।
ਸੁੱਟ ਦਿਓ ਜੇ ਓਸ ਨੂੰ ਦੰਦੀ ਤੋਂ ਹੇਠਾਂ,
ਰਾਹ ਕਿੱਲੀ ਦਾ ਖੋਲ੍ਹ ਕੇ ਮੈਂ ਦੱਸਾਂ ਸਾਰਾ।”
ਚਾਇਆ ਇਕ ਜਵਾਨ ਨੇ ਮੁੰਡੇ ਨੂੰ ਸੁੱਕਾ। ”
ਵਿਚ ਪਤਾਲੀ ਖੱਡ ਦੇ ਸਿਰ ਪਰਨੇ ਵਾਹਿਆ।
ਹੋਇਆ ਨੱਢਾ ਢਹਿੰਦਿਆਂ ਹੀ ਤੁੱਕਾ ਤੁੱਕਾ,
ਵੱਟ ਕੇ ਮੁੱਛਾਂ ਬੁਢੜੇ ਲਲਕਾਰਾ ਲਾਇਆ:
.
“ਨਹੀਂ ਸੀ ਤੈਨੂੰ ਦੱਸਿਆ ਪਹਿਲਾਂ ਸਰਦਾਰਾ,
ਆਪਣੇ ਨਿੱਕੇ ਪੁਤ ਦਾ ਡਰ ਮੈਨੂੰ ਖਾਵੇ?
ਮਤਾਂ ਅਲੂਆਂ ਛੋਕਰ ਤਕ ਲਸ਼ਕਰ ਭਾਰਾ,
ਅਪਣੀ ਅਣਖੀ ਕੌਮ ਨੂੰ ਨਾ ਵੱਟਾ ਲਾਵੇ।
“ਨਾ ਹੁਣ ਖੱਡਾਂ ਪੋਂਦੀਆਂ ਨਾ ਧਮਕੀ ਕਾਈ,
ਨਾ ਤਲਵਾਰਾਂ ਨੰਗੀਆਂ, ਨਾ ਚਿਹਰਾ ਸੂਹਾ।
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣੀਆ ਕਿੱਲੀ ਦਾ ਬੂਹਾ। ”