ਸੱਚਾ ਦਰਬਾਰ

ਥਾਂ ਥਾਂ ਤੇ ਠੋਹਕਰਾਂ ਖਾਧੀਆਂ ਮੈਂ,

ਪੂਰੀ ਹੋਈ ਨਾ ਕਿਤੋਂ ਮੁਰਾਦ ਮੇਰੀ।

ਹੰਝੂ ਆਪਣੇ ਭੇਟ ਚੜ੍ਹਾ ਥੱਕਾ,

ਸੁਣੀ ਕਿਸੇ ਨਾ ਫੂਕ ਫਰਿਆਦ ਮੇਰੀ।

ਜਿਥੇ ਗਿਆ ਬਰਬਾਦੀਆਂ ਨਾਲ ਗਈਆਂ,

ਝੁੱਗੀ ਹੋਈ ਨਾ ਕਿਤੇ ਆਬਾਦ ਮੇਰੀ।

ਮੈਨੂੰ ਫੁੱਲ ਵੀ ਮਿਲੇ ਨੇ ਹੋ ਕੰਡੇ,

ਕੀ ਸੀ ਰੱਖਣੀ ਭੌਰਿਆਂ ਯਾਦ ਮੇਰੀ।

ਖਾਲ੍ਹੀ ਦਿਲ ਤੇ ਭਰੇ ਹੋਏ ਨੈਣ ਲੈ ਕੇ,

ਸਭਨਾਂ ਪਾਸਿਆਂ ਤੋਂ ਹੁਣ ਮੈਂ ਹਾਰ ਆਇਆ।

ਕਾਵਾਂ ਕਾਲਿਆਂ ਤੋਂ ਕਾਲਾ ਮਨ ਲੈ ਕੇ,

'ਰਾਮਦਾਸ ਗੁਰ' ਤੇਰੇ ਦਰਬਾਰ ਆਇਆ।

ਸੁਣਿਆ ਏਸ ਥਾਂ ਕਾਗਾਂ ਤੋਂ ਹੰਸ ਹੁੰਦੇ,

ਸੋਮਾ ਇਹ ਹੈ ਰੱਬੀ ਭੰਡਾਰਿਆਂ ਦਾ।

ਜਿਹੜੀ ਖ਼ਾਕ ਨੂੰ ਛੁਹ ਗਏ ਚਰਨ ਤੇਰੇ,

ਰੁਤਬਾ ਪਾ ਲਿਆ ਓਸ ਸਿਤਾਰਿਆਂ ਦਾ।

ਤੇਰੇ ਅੰਮ੍ਰਿਤੀ ਕੁੰਡ 'ਚੋਂ ਬੂੰਦ ਪੀ ਕੇ,

ਸ਼ਾਂਤ ਚਿਤ ਹੋ ਜਾਏ ਅੰਗਿਆਰਿਆਂ ਦਾ।

'ਕੁੰਦਨ' ਦੇਹ ਹੋ ਜਾਂਵਦੀ ਪਿੰਗਲਿਆਂ ਦੀ,

ਜਾਗੇ ਭਾਗ ਨਸੀਬਾਂ ਦੇ ਮਾਰਿਆਂ ਦਾ।

ਵੇਲਾਂ ਏਸ ਥਾਂ ਸੁੱਕੀਆਂ ਹੋਣ ਹਰੀਆਂ,

ਫੁੱਲ ਆਸ ਉਮੀਦਾਂ ਦੇ ਲੱਗ ਪੈਂਦੇ-

ਸਮਾਂ ਸੋਗ ਦਾ ਉਨ੍ਹਾਂ ਦਾ ਮੁੱਕ ਜਾਂਦਾ,

ਦੀਵੇ ਖੁਸ਼ੀ ਦੇ ਦਿਲਾਂ ਵਿਚ ਜਗ ਪੈਂਦੇ।

ਉਹਦੇ ਅੱਥਰੂ ਕਦੇ ਨਾ ਜਾਣ ਠੱਲ੍ਹੇ,

ਤੇਰੀ ਦੀਦ ਦੀ ਜਿਨੂੰ ਪਿਆਸ ਹੋਵੇ।

ਆਸਾਂ ਜਿਸ ਦੀਆਂ ਪੂਰੀਆਂ ਕਰੇਂ ਦਾਤਾ!

ਮੁੜ ਕੇ ਉਹ ਨਾ ਕਦੀ ਬੇ-ਆਸ ਹੋਵੇ।

ਤੇਰੇ ਨਾਮ ਦਾ ਜਾਪ ਜੇ ਕਰੇ ਕੋਈ,

ਸੇਵਾ, ਸਿਦਕ, ਸਚਾਈ 'ਚੋਂ ਪਾਸ ਹੋਵੇ।

ਤੱਤੀ ਲੋਹ ਤੇ ਚੌਂਕੜੀ ਮਾਰ ਬਹਿੰਦਾ,

ਜਿਹੜੇ ਰਿਦ੍ਹੇ ਅੰਦਰ ਤੇਰਾ ਵਾਸ ਹੋਵੇ।

ਸੇਵਾ ਤੇਰੇ ਸਰੋਵਰ ਦੀ ਕਰਨ ਵੇਲੇ,

ਇਕ ਟੋਕਰੀ ਵੀ ਜਿਹੜਾ ਢੋ ਜਾਵੇ।

ਮੁਕਤੀ ਓਸ ਦੇ ਸੀਸ ਤੇ ਤਾਜ ਰੱਖੇ,

ਜੰਮਣ ਮਰਨ ਤੋਂ ਸੁਰਖਰੂ ਹੋ ਜਾਵੇ।

ਤਲਬਗਾਰ ਮੈਂ ਕਿਸੇ ਸਵਰਗ ਦਾ ਨਹੀਂ,

ਨਾ ਮੈਂ ਤਖ਼ਤ ਮੰਗਾਂ, ਨਾ ਮੈਂ ਤਾਜ ਮੰਗਾਂ।

ਨਾ ਕੋਈ ਲੋੜ ਬਹਿਸ਼ਤਾਂ ਦੀ ਹੂਰ ਦੀ ਏ,

ਨਾ ਮੈਂ ਸੱਤਾਂ ਵਲੈਤਾਂ ਦਾ ਰਾਜ ਮੰਗਾਂ।

ਨਾ ਮੈਂ ਮੰਗਦਾ ਦਾਨ ਕਵੀਸ਼ਰੀ ਦਾ,

ਨਾ ਮੈਂ ਲਾਲ, ਜਵਾਹਰ ਪੁਖਰਾਜ ਮੰਗਾਂ।

ਬੇਸ਼ਕ ਦੇਹ ਨਾ ਮੁਕਤ ਦਾ ਖ਼ੈਰ ਮੈਨੂੰ,

ਇਕੋ ਮੰਗ ਤੈਥੋਂ ‘ਮਹਾਰਾਜ ਮੰਗਾਂ’।

ਗੁਨ੍ਹਾਹਗਾਰ, ਗੁਨਾਹਾਂ ਦੇ ਨਾਲ ਭਰਿਆ,

ਕਰਦੇ ਨਿਗ੍ਹਾ ਦੇ ਨਾਲ ਪਾਕ ਮੈਨੂੰ

ਤੁੱਠ ਪਿਆ ਏਂ ਮੋਤੀਆਂ ਵਾਲਿਆ ਜੇ,

ਦੇਵੀਂ ਆਪਣੇ ਚਰਨਾਂ ਦੀ ਖ਼ਾਕ ਮੈਨੂੰ।