ਹਾਏ ਜਵਾਨੀ !

ਪ੍ਰੇਮ ਨਸ਼ੇ ਦੀ ਤਾਰ ਜਵਾਨੀ, ਫਬੀ ਹੋਈ ਗੁਲਜ਼ਾਰ ਜਵਾਨੀ

ਹਰੀ ਭਰੀ ਨਿਸਰੀ ਹੋਈ ਡਾਲੀ, ਨਾਲ ਅਦਾਵਾਂ ਝੂਮਣ ਵਾਲੀ।

ਅੱਖੀਆਂ ਨਾਲ ਵੰਗਾਰਨ ਵਾਲੀ, ਝਿਪ ਝਿਪ ਛੁਰੀਆਂ ਮਾਰਨ ਵਾਲੀ।

ਸ਼ੋਖ ਸਲੋਨੀ ਭਰ ਮਸਤਾਨੀ

ਹਾਇ ਜਵਾਨੀ, ਹਾਏ ਜਵਾਨੀ

ਨਦੀ ਹੜਾਂ ਵਿਚ ਆਈ ਹੋਈ, ਚੜ੍ਹੀ ਹੋਈ ਇਤਰਾਈ ਹੋਈ

ਉਛਲੇ, ਸੂਕੇ, ਠਾਕਾਂ ਮਾਰੇ, ਚੌੜੇ ਕਰਦੀ ਜਾਏ ਕਿਨਾਰੇ।

ਰਾਹ ਖਹਿੜਾ ਨਾ ਕੋਈ ਤੱਕੇ, ਧੱਕਿਆਂ ਨਾਲ ਹਟਾਵੇ ਡੱਕੇ।

ਸੰਭਲੀ ਜਾਏ ਨਾ ਤੇਜ਼ ਰਵਾਨੀ

ਹਾਏ ਜਵਾਨੀ, ਹਾਏ ਜਵਾਨੀ

ਰੰਗਣ ਰੱਤਾ ਫੁਲ ਬਹਾਰੀ, ਖੰਭੜੀ ਖੰਭੜੀ ਰੂਪ ਸ਼ਿੰਗਾਰੀ।

ਸ਼ੋਖੀ ਫਬਣ, ਮਹਿਕ ਤੇ ਡਾਲੀ, ਰਾਹ ਜਾਂਦੇ ਨੂੰ ਫਾਹੁਣ ਵਾਲੀ

ਲਟ ਲਟ ਕਰਦੀ ਸ਼ਮ੍ਹਾਂ ਹੁਸਨ ਦੀ, ਪਰਵਾਨੇ ਨੂੰ ਖਿੱਚ ਖਿੱਚ ਭੁੰਨਦੀ।

ਲਖੇ ਨਾ ਕੋਈ ਆਪਣਾ ਸਾਨੀ।

ਹਾਏ ਜਵਾਨੀ, ਹਾਏ ਜਵਾਨੀ।

ਬੇ-ਪਰਵਾਹ ਮੂੰਹ ਜ਼ੋਰ ਵਛੇਰੀ, ਚੜ੍ਹੀ ਹੋਈ ਹੰਕਾਰ ਹਨੇਰੀ।

ਛੁਲਕੇ ਪਾਰੇ ਵਾਂਗ ਮੁਤਾਣੀ, ਚੰਚਲ ਚਿਣਗ ਮੁਵਾਤੇ ਲਾਣੀ।

ਤਣੀਆਂ ਹੋਈਆਂ ਹੁਸਨ ਤਣਾਵਾਂ, ਆਕੜ ਭਰੀਆਂ ਉਚੀਆਂ ਵ੍ਹਾਵਾਂ।

ਉਭਰੀ ਛਾਤੀ ਗਰਬ ਗੁਮਾਨੀ।

ਹਾਏ ਜਵਾਨੀ, ਹਾਏ ਜਵਾਨੀ।

ਢਲ ਗਈ ਹਾਏ ਦੁਪਹਿਰ ਹੁਸਨ ਦੀ, ਝੌਂ ਗਈ ਹਾਇ ਬਹਾਰ ਚਮਨ' ਦੀ।

ਹੋਈਆਂ ਹਰਨ, ਹਰਨ ਦੀਆਂ ਛਾਲਾਂ, ਜੋਤ ਬੁਝਾਈ ਆਣ ਤਿਕਾਲਾਂ

ਸ਼ੂਕਾਂ, ਠਾਕਾਂ ਰਾਹੇ ਪਈਆਂ, ਸੀਨੇ ਵਿਚ ਸੱਧਰਾਂ ਰਹਿ ਗਈਆਂ।

ਨਿਕਲ ਗਿਆ ਉਹ ਰੋੜ੍ਹ ਤੁਫ਼ਾਨੀ।

ਹਾਏ ਜਵਾਨੀ, ਹਾਏ ਜਵਾਨੀ

ਹਾਏ ਜਵਾਨੀ, ਹਾਏ ਜਵਾਨੀ, ਕਿਧਰ ਗਈ ਉਹ ਆਕੜ ਖਾਨੀ

ਲੈ ਗਈ ਹਿੰਮਤ ਦੇ, ਗਈ ਝੋਰੇ, ਰਜ ਰਜ ਮਾਣਨ ਦੇ ਹਟਕੋਰੇ

ਮੋੜ ਲਿਆ ਦੇਵੇ ਜੋ ਕੋਈ, ਜੋ ਮੁਲ ਮੰਗੇ ਲੈ ਲਏ ਸੋਈ।

ਦੀਨ ਦੁਨੀ ਦੇ ਦਿਆਂ ਕੁਰਬਾਨੀ

ਹਾਏ ਜਵਾਨੀ, ਹਾਏ ਜਵਾਨੀ