ਵਕਤ ਦਿਆ ਵਾਰਸਾ,ਸੰਚਾਲਕਾ ਜਹਾਨ ਦਿਆ।
ਤੇਰੇ ਵਲ ਧਿਆਨ ਹੈ,ਲੋਕਾਈ ਅੱਜ ਸਾਰੀ ਦਾ।
ਅੰਬਰਾਂ ਨੂੰ ਲੀਰ ਸੁੱਟ,ਪਰਬਤਾਂ ਨੂੰ ਚੀਰ ਸੁੱਟ।
ਵੱਲ ਦੱਸ,ਬੰਨ੍ਹ ਕਿਵੇਂ ਸਾਗਰਾਂ ਨੂੰ ਮਾਰੀ ਦਾ।
ਉੱਦਮ,ਦਲੇਰੀ ਨਾਲ,ਦੁੱਖ ਦਰਦ ਹੂੰਝ ਸੁੱਟ।
ਰਹਿੰਦ ਖੂੰਦ ਗੋਰਾ ਛੱਡ ਗਿਆਂ ਜੋ ਬੇਕਾਰੀ ਦਾ।
ਉਜਲਾ ਭਵਿੱਖ ਤੇਰਾ,ਚਾਨਣੇਂ ਨੇ ਰਾਹ ਤੇਰੇ।
ਮੰਜ਼ਲ ਦੇ ਨਜ਼ਦੀਕ ਆਕੇ,ਹੌਸਲਾ ਨਹੀਂ ਹਾਰੀ ਦਾ।
ਇਹੀ ਹੈ ਨਸੀਹਤ,ਉਪਦੇਸ਼ ਤੇਰੇ ਵੱਡਿਆਂ ਦਾ।
ਆਪਣਾ ਜੋ ਕਾਜ਼ ਹੱਥੀਂ,ਆਪਣੇ ਸੁਆਰੀ ਦਾ।
ਕਾਮਿਆਂ, ਕਿਸਾਨਾਂ, ਮਜ਼ਦੂਰਾ, ਕਾਰੀਗਰਾ ਉੱਠ !
ਚਾੜ੍ਹਨਾ ਏ ਸਿਰੇ ਕੰਮ,ਦੇਸ਼ ਦੀ ਉਸਾਰੀ ਦਾ।
ਤੇਰੇ ਸਾਹਵੇਂ ਦੇਸ਼ ਦੀਆਂ,ਹੋਰ ਵੀ ਸਮੱਸਿਅਵਾਂ।
ਸਭ ਤੋਂ ਜੋ ਅਹਿਮ ਹੈਨ,ਮਸਲੇ ਮੁਹਾਲ ਤਿੰਨ।
ਭੁੱਖਿਆਂ ਨੂੰ ਰੋਟੀ,ਅਤੇ ਵਿਹਲਿਆਂ ਨੂੰ ਕੰਮ ਮਿਲੇ।
ਸਭ ਲਈ ਮਕਾਨ,ਕੋਈ ਔਖੇ ਨਹੀਂ ਸਵਾਲ ਤਿੰਨ।
ਏਸ਼ੀਆ ਇਕੱਠਾ ਰਵ੍ਹੇ,ਅਮਨ ਅਜਿੱਤ ਬਣੇ।
ਹਿੰਦ ਦੀ ਤਰੱਕੀ ਉਹਲੇ,ਹੋਣ ਨਾ ਖ਼ਿਆਲ ਤਿੰਨ।
ਫਿਰਕੇਦਾਰੀ ਜ਼ਹਿਰ,ਜਾਤ ਪਾਤ ਨਾ ਗੁਲੱਛ ਸਕੇ।
ਬੋਲੀਆਂ ਦਾ ਆਡ੍ਹਾ,ਰੋਕ ਲਈਏ ਜੇ ਭੁਚਾਲ ਤਿੰਨ।
ਸਮਾਂ ਬੜਾ ਤੇਜ਼ ਪਰ,ਚਾਲ ਹੈ ਮੱਧਮ ਤੇਰੀ।
ਕਰ ਖਾਂ ਹਿਸਾਬ,ਨਾਪ,ਆਪਣੀ ਉਡਾਰੀ ਦਾ।
ਕਾਮਿਆਂ, ਕਿਸਾਨਾਂ, ਮਜ਼ਦੂਰਾ, ਕਾਰੀਗਰਾ ਉੱਠ!
ਚਾੜ੍ਹਨਾ ਏ ਸਿਰੇ ਕੰਮ,ਦੇਸ਼ ਦੀ ਉਸਾਰੀ ਦਾ।
ਜੱਗ ਦੀਆਂ ਪਰੇਮ ਬਾਹਵਾਂ,ਤੇਰੇ ਗਲ ਲੱਗ ਰਹੀਆਂ।
ਵਿਸ਼ਵ ਦੀ ਅਤੁੱਟ ਸਾਂਝ,ਜਾਗੀ ਤੇਰੇ ਨਾਲ ਨੇ।
ਰੂਪ ਰੇਖਾ, ਚਿਹਨ ਚੱਕਰ, ਦੇਸ਼ ਦੇ ਉਲੀਕ ਨਵੇਂ।
ਸਾਇੰਸ,ਖੋਜ,ਸੋਚ,ਜੋ,ਸੁਭਾਗੀ ਤੇਰੇ ਨਾਲ ਨੇ।
ਰਾਹਾਂ ਦੀਆਂ ਰੋਕਾਂ ਨੂੰ,ਤੂੰ ਪੈਰਾਂ ਹੇਠ ਮਿੱਧ ਸੁੱਟ।
ਦੇਸ਼ ਦੇ ਸਿਪਾਹੀ,ਆਕੀ,ਬਾਗ਼ੀ ਤੇਰੇ ਨਾਲ ਨੇ।
ਸਮੇਂ ਦੀ ਹਵਾ,ਤੇਰੇ ਹੱਕ ਵਿਚ ਵਗਦੀ ਏ।
ਅੱਜ ਦੇ ਲਿਖਾਰੀ,ਕਵੀ,ਰਾਗੀ ਤੇਰੇ ਨਾਲ ਨੇ।
‘ਆਲਮ’ ਸਮੇਤ ਤੇਰਾ,ਹਿੰਦ ਖੁਸ਼ਹਾਲ ਹੋਵੇ।
ਸੋਚਣਾ ਤੇ ਸੋਚ ਤੂੰ,ਮਨੁੱਖ ਕੌਮ ਸਾਰੀ ਦਾ।
ਕਾਮਿਆਂ,ਕਿਸਾਨਾਂ,ਮਜ਼ਦੂਰਾ,ਕਾਰੀਗਰਾਂ ਉੱਠ !
ਚਾੜ੍ਹਨਾ ਏ ਸਿਰੇ ਕੰਮ,ਦੇਸ਼ ਦੀ ਉਸਾਰੀ ਦਾ।