ਬਾਰਾਂਦਰੀ ਦੀ ਸੱਜੀ ਬਾਹੀ ਵਾਲੇ ਪਾਸੇ
ਤੇ ਰਾਜੇ ਦੇ ਮਹਿਲ ਦੇ ਲਗਭਗ ਪਿਛਵਾੜੇ
ਦਿਉਕੱਦ ਕੰਕਰੀਟ ਦੀ ਇਮਾਰਤ ਵਿਚਲੇ
ਹਸਪਤਾਲ ਦੇ ਬਿਸਤਰ ‘ਤੇ ਪਈ ਹੈ ਉਹ
ਲੱਗਦੈ
ਮੇਰੇ ਬੋਚਦਿਆਂ-ਬੋਚਦਿਆਂ ਵੀ
ਰੇਤ ਵਾਂਗ ਕਿਰ ਜਾਵੇਗੀ ਮੇਰੇ ਹੱਥਾਂ 'ਚੋਂ ਬੱਸ
ਇਸ ਬੇਹੱਦ ਖ਼ੂਬਸੂਰਤ
ਤੇ ਜ਼ਹੀਨ ਕੁੜੀ ਨੂੰ
ਧਰਵਾਸ ਦੇਣ ਲਈ
ਮੈਂ ਹਾਲੇ
ਸ਼ਬਦ ਇਕੱਠੇ ਕਰਨ ਦੀ ਕੋਸ਼ਿਸ਼ 'ਚ ਈ ਹੁੰਨੈ
ਕਿ ਉਹ ਮੇਰੀਆਂ
ਡਬਡੁਬਾਉਂਦੀਆਂ ਸੇਜਲ ਹੋਈਆਂ ਅੱਖਾਂ 'ਚ
ਸਿੱਧਾ ਝਾਕਦੀ ਹੋਈ ਬੋਲ ਉੱਠਦੀ ਹੈ,
“ਐਵੇਂ ਈ ਘਬਰਾ ਜਾਨੇ ਓ ਤੁਸੀਂ ਵੀ”
ਰੋਕਦਿਆਂ-ਰੋਕਦਿਆਂ ਵੀ
ਅੱਖਾਂ ਭਰ ਆਉਂਦੀਆਂ ਨੇ ਮੇਰੀਆਂ
“ਕੁੱਝ ਨੀਂ ਹੁੰਦਾ ਮੈਨੂੰ ”
ਚਾਦਰ ਨੂੰ ਸੂਤ ਕਰਨ ਬਹਾਨੇ
ਮੂੰਹ ਦੂਜੇ ਪਾਸੇ ਕਰਨ ਦੀ ਕੋਸ਼ਿਸ਼ 'ਚ ਹਾਂ ਮੈਂ
“ਏਡੀ ਛੇਤੀ ਨ੍ਹੀਂ’ ਛੱਡ ਜਾਂਦੀ ਮੈਂ ਥੋਨੂੰ”
ਯਾ ਖ਼ੁਦਾ!
ਏਨੀ ਲਾਚਾਰੀ
ਇਹ ਬੇਬਸੀ
ਕਿਸੇ ਦੇ ਹਿੱਸੇ ਨਾ ਆਵੇ
ਹੁਣ ਸਿੱਲੀ ਜਿਹੀ ਮੁਸਕਾਨ ਐ
ਮੇਰੇ ਹੋਠਾਂ 'ਤੇ
“ਮੈਂ ਹੁਣੇ ਆਇਆ
ਕਹਿ ਕੇ
ਸਰਦਲ ਵੱਲ ਅਹੁਲਦਾ ਹਾਂ
ਦੁਨੀਆ ਨੂੰ ਸਰ ਕਰਨ ਲਈ
“ਨਈਂ ਨਈਂ, ਕਾਹਲੀ ਨਾ ਕਰਿਆ ਕਰੋ
ਅਰਾਮ ਨਾਲ ਮੁੜਿਓ
ਮੈਂ ਤਾਂ ਨਾਲ ਈ ਆਂ ਤੁਹਾਡੇ ਜਵਾਂ
ਕਾਹਲ ਕਾਹਦੀ ਫੇਰ”
ਉਹਦੇ ਬੋਲ ਕੰਨਾਂ ਰਾਹੀਂ
ਮੇਰੇ ਰੋਮ-ਰੋਮ ’ਚ ਉੱਤਰ ਜਾਂਦੇ ਨੇ
ਮੈਂ ਦਰਵਾਜ਼ਿਓਂ ਬਾਹਰ ਆ ਜਾਂਦਾ ਹਾਂ
ਦੁਨੀਆ ਸਰ ਕਰਨ ਲਈ ਨਹੀਂ
ਜਿੱਤੀ ਹੋਈ ਦੁਨੀਆਂ ਨੂੰ ਬੱਸ
ਦਿਲ ਭਰ ਕੇ ਵੇਖਣ ਦੇ ਲਈ...