੧. ਝੀਵਰੀ ਕੁੜੀ ਦਾ ਰਾਂਝੇ ਉੱਤੇ ਮੋਹਿਤ ਹੋਣਾ
ਵੇਖ ਵਿਕਾਣੀ ਛੋਹਿਰ ਲੋਕਾ, ਆਈ ਸੂਲ ਕਰੋਂਦੀ ।
ਪਿੰਨ ਘੜਾ ਸਿਰ ਉਤੋਂ ਮਾਏ, ਨਹੀਂ ਤਾਂ ਭੁਏਂ ਮਰੇਂਦੀ ।
ਵਿੱਚ ਮਸੀਤੀ ਚੰਨ ਫਥੋਈ, ਮੈਂ ਵਰ ਨੀਹੇਂ ਦੇਂਦੀ ?
ਹੱਸ ਹੱਸ ਸਿਰ ਰੱਖ ਅਸਾਡੇ, ਨਹੀਂ ਤਾਂ ਆਪੇ ਨਿੱਕਲ ਵੈਂਦੀ ।”
ਘਿੰਨ ਚਪੇੜ ਮੂੰਹ ਉੱਤੇ ਮਾਊ, ਲੈ ਧੀਓ ਨੂੰ ਲਾਈ ।
“ਕੰਜ ਕੁਆਰੀ ਮੂੰਹ ਨ ਬੋਲੀ ਤੁੱਧ ਕਿਉਂ ਲੱਜਾ ਲਾਹੀ ।
ਹੁਣੇ ਪਿਉ ਵੀਰ ਸੁਣੋਈ, ਧੀਏ ! ਦਾਖਲ ਕਰੀ ਸਜਾਈ।
ਵੱਤ ਨ ਬੋਲੇਂ ਪੇਟੋਂ ਜਾਈ, ਅੰਮਾਂ ਇਹ ਨਾ ਭਾਈ।”
“ਹਿੱਕ ਸੁਣੇਂਦੀ, ਲੱਖ ਸੁਣੇਸੀ, ਜੋ ਮੈਂ ਮੂੰਹ ਤੋਂ ਪੱਲੂ ਲਾਹਿਆ।
ਮੈਂ ਤਾਂ ਮੁੱਲ ਬਗ਼ੈਰ ਵਿਕਾਣੀ, ਤਾਂ ਮੂਹੋਂ ਕੂਕ ਸੁਣਾਇਆ ।
ਜਿਉਂ ਜਾਣੇਂ ਤਿਉਂ ਦੇਇ ਅਸਾਨੂੰ, ਬਖ਼ਤੇ ਮਾਂ ਹੱਥ ਆਇਆ ।
ਨਹੀਂ ਤਾਂ ਆਪੇ ਵੈਂਦੀ ਆਹੂ, ਸ਼ਰਮ ਅਸਾਂ ਸਭ ਲਾਹਿਆ ।”
“ਧੀਰੀ ਥੀ, ਜਾਣ ਦਿਹ ਮੈਨੂੰ ਗੰਢ ਗ਼ੁਲਾਮ ਡਿਠੋਈ।
ਜਾਪੇ ਕੌਣ ਜੁ ਇਹ ਪਰਦੇਸੀ, ਜਾਂ ਤੁੱਧ ਹੋਇ ਦਿਤੋਈ ।
ਸੁਣ ਧੀਏ ਵੰਝਣ ਦੇਹ ਮੈਨੂੰ, ਪੁੱਛਾਂ ਜਾਇ ਖਲੋਈ ।
ਆਖ ਦਮੋਦਰ ਮਾਉਂ ਕੁੜੀ ਦੀ, ਚੱਲ ਅਗੇਰੇ ਹੋਈ ।
੨. ਕੁੜੀ ਦੀ ਮਾਂ ਦਾ ਰਾਂਝੇ ਉੱਤੇ ਮੋਹਿਤ ਹੋਣਾ
“ਨਾਹੀਂ ਕੂੜੀ ਆਹੀ ਸੱਚੀ, ਕੇ ਇਸ ਆਖ ਸੁਣਾਈ ।
ਨਾਹੀਂ ਮਾਊ ਪੀਊ ਜਾਇਆ, ਕਿਸ ਜ਼ਬਾਨ ਸਲਾਹੀਂ ।
ਵੇਖ ਵਿਕਾਣੀ ਝੀਵਰਿਆਣੀ, ਕਦਮ ਉਠੀਉਸ ਨਾਹੀਂ ।
ਚੁਖ ਵਡੇਰਾ ਹੋਵੇ, ਤਾਂ ਮੈਂ ਆਪ ਨਿਕਾਹ ਬਨ੍ਹਾਈਂ ।”
ਹੋਇ ਬੇਹੋਸ਼, ਵੜੀ ਵਿਚ ਜੱਟਾਂ, ਵੰਞ ਮਿਲੀ ਉਨ੍ਹਾਂ ਤਾਈਂ।
“ਕੇ ਇਹ ਆਖਹੁ ਲਗੇ ਤੁਸਾਡਾ, ਕੇਹੜੀ ਜਾਤ ਤੁਸਾਹੀਂ ?
ਇਹੁ ਹੈ ਕੇਹੜੀ ਜਾਤ ਦਾ ਨੀਂਗਰ, ਵੈਸੋ ਕੇਹੜੀ ਜਾਈ ?
ਆਖ ਹਕ਼ੀਕ਼ਤ ਤੁਸੀਂ ਭਿਰਾਵੋ, ਏਹਾ ਗੱਲ ਪੁਛਾਈਂ ।”
“ਝੀਵਰ ਅਸੀਂ, ਏ ਜਾਤ ਅਸਾਡੀ, ਅਸੀਂ ਗੜ੍ਹ ਮੁਲਤਾਨੋ ਆਏ ।
ਜੇਹਲਮ ਜੁਲੇ ਬੇੜੀਆਂ ਤਾਈਂ, ਬਹੁਤੇ ਤਮੇ ਸੰਤਾਏ ।”
ਦਿਲ ਵਿਚ ਦਗ਼ਾ ਭੁੱਖ ਦਾ ਜੱਟਾਂ,ਵੱਡੇ ਕੂੜ ਅਲਾਏ ।
ਆਖ ਦਮੋਦਰ ਰਾਜ਼ੀ ਹੋਏ, ਫਿਰ ਉਨ੍ਹਾਂ ਸੁਖਨ ਸੁਣਾਏ ।
“ਇਸ ਪੁਤਰ ਤੁਸਾਡੇ ਨੂੰ ਬੇਟੀ ਦਿੱਤੀ, ਅਸਾਂ ਰਾਜੀ ਥੀ ਕਰ ਭਾਈ ।
ਰਾਤੀਂ ਬੰਨ੍ਹ ਦੁਆਇ ਕੁੜੀ ਦੀ”, ਬਹੁ ਜੱਟਾਂ ਹਿੱਤ ਆਈ ।
ਬਹੁਤ ਰਜਾਇ ਕਰਣ ਦੇ ਤਾਈਂ, ਝੀਵਰਿਆਣੀ ਭਾਈ ।
ਜੱਟਾਂ ਸੁਣ ਇਹ ਬਹੁਤੀ ਭਾਣੀ, ਜਾਂ ਇਉਂ ਗੱਲ ਸੁਣ ਪਾਈ ।
“ਮਿੱਠੀ ਰੋਟੀ ਤੇ ਦੁੱਧ ਮਾਝਾ, ਕਰ ਤਿਆਰ ਘਿੰਨ ਅਣਾਈਂ ।
ਕੁੜੀ ਤੁਸਾਡੀ ਅਸਾਂ ਲੀਤੀ, ਸੱਕੇ ਅਸੀਂ ਤੁਸਾਹੀ ।
ਰਾਤੀ ਕਾਜ ਕਰੀਹਾ ਇਸਦਾ, ਪਹਿਲੋਂ ਤਾਮੁ ਖਵਾਹੀਂ।”
ਆਖ ਦਮੋਦਰ ਰਾਜੀ ਭਾਈ, ਦੋਵੇਂ ਥੋਕ ਤਦਾਹੀਂ ।
ਏ ਕੁਝ ਆਖ ਗਈ ਘਰ ਅਪਣੇ, ਸਕਰ ਘਿਉ ਅਣਵਾਏ ।
ਉਬਾਲ ਸੇਮੀਆਂ ਘੜਾ ਲੱਸੀ ਦਾ, ਤਮਾਕੂ ਚਿਲਮ ਸਦਾਏ ।
ਪਿੰਨ ਮਸੀਤੀ ਆਣ ਜੁ ਰੱਖੀ, ਉਸ ਮਹਿੰਦੀ ਚੀਕੂ ਲਾਏ ।
ਆਖ ਦਮੋਦਰ ਕੰਜ ਕੁਆਰੀ ਨੂੰ, ਅੰਮੜ ਮਾਈਏਂ ਪਾਏ ।
“ਧੀਦੋ ! ਆਇ ਖਵਾਹਾਂ ਕ਼ਿਸਮਤ, ਬੂਹਾ ਚਾਇ ਮਰਾਈਂ ।
ਕਾਰਣ ਪੇਟੇ ਕੂੜ ਬੋਲਿਆਸੇ, ਖਾਂਦੇ ਉਠ ਵੰਞਾਈਂ ।
ਨਿਵਾਲਾ ਮਿੱਠਾ ਸਾਈਂ ਦਿੱਤਾ, ਹੋਇਆ ਨਸੀਬ ਅਸਾਹੀਂ।
ਆ ਦਮੋਦਰ ਪੈਂਡਾ ਮੰਦਾ, ਕਰ ਕਰ ਘੁੱਟ ਪਿਵਾਹੀਂ ।”
“ਨ੍ਹੀਮੂ ਨੀਅਤ ਵਿਵਾਹ ਕਰਨ ਦੀ, ਕੇ ਤੁਸਾਂ ਆਖ ਸੁਣਾਈ ।
ਇਸ ਰੱਜ ਖਾਵਣ ਨਾਲੋਂ ਭੁੱਖ ਚੰਗੇਰੀ, ਨਹੀਂ ਪਸੰਦ ਅਸਾਂਹੀ ।
ਹੱਕ਼ ਪਰਾਇਆ ਕੂੜ ਬੋਲ ਕੇ, ਡਰੋ ਖੁਦਾਇ ਤੋਂ ਨਾਹੀਂ।
ਆਖ ਦਮੋਦਰ ਸੁਣਿਹੋ ਚਾਚਾ, ਮੈਂ ਹੱਥ ਹਰਾਮ ਨ ਲਾਈਂ ।”
੩.ਕਾਜ਼ੀ ਅਤੇ ਹੀਰ ਦੀ ਵਾਰਤਾਲਾਪ
ਕਾਜ਼ੀ—“ਸੁਣ ਨੀ ਹੀਰੇ ! ਗੁਣੀ ਗਹੀਰੇ ! ਸਾਹਿਬ ਦਾ ਫੁਰਮਾਇਆ।
ਜਿਸ ਰਾਂਝਣ ਦਾ ਮਾਣ ਕਰੇਨੀਏਂ, ਸੋ ਰਾਂਝਣ ਹੱਕ਼ ਪਰਾਇਆ ।
ਚੂਚਕ ਬਾਪ ਕੀਤੋ ਸ਼ਰਮਿੰਦਾ, ਭਾਈਆਂ ਅਦਬ ਗਵਾਇਆ ।
ਆਖੇ ਕਾਜ਼ੀ, ਸੁਣ ਤੂੰ ਹੀਰੇ, ਜੱਗ ਢੰਢੋਰਾ ਲਾਇਆ।”
ਹੀਰ— “ਸੁਣ ਕਾਜ਼ੀ ! ਦਿਲ ਨਾਹੀਂ ਰਾਜ਼ੀ, ਤੁਧ ਕੇ ਪਾਈ ਬਾਜੀ ।
ਮੈਂ ਤੋ ਰਾਂਝੇ ਦਾ ਨੇਂਹੁ ਚਰੋਕਾ, ਜਾਂ ਸਾਹਿਬ ਖ਼ਲਕਤ ਸਾਜੀ ।
ਰੱਬ ਨਿਕਾਹ ਦਿਲਾਂ ਦੇ ਬੱਧੇ, ਤੂੰ ਕੇ ਬੰਨ੍ਹਸੀ ਕਾਜੀ ।
ਸਰੀਰ ਸ਼ਰਾਹ ਨਿਆਉਂ ਚੁਕਾਨੈਂ, ਜੇ ਅਸ਼ਕ਼ ਨ ਚੱਖੀਆ ਭਾਜੀ।”
ਕਾਜ਼ੀ—“ਸੁਣ ਨੀ ਹੀਰੇ ! ਗੁਣੀ ਗਹੀਰੇ ! ਤੂੰ ਆਈਏ ਝਗੜਨ ਅੱਗੇ ।
ਆਖ਼ਰ ਸੱਚ ਨਬੇੜਾ ਹੋਸੀ, ਕੁੜ ਨਾ ਮੂਲੇ ਤੱਗੇ ।
ਤੂੰ ਤਾਂ ਖੇੜਿਆਂ ਦੇ ਸੀ ਆਈ, ਸੁਣਿਆ ਸਾਰੇ ਜੱਗੇ ।
ਕਾਜ਼ੀ ਆਖੇ ਸੁਣ ਧੀਆ ਹੀਰੇ ! ਇਸ਼ਕ ਸ਼ਰੇ ਕਿਆ ਲੱਗੇ !”
ਹੀਰ—“ਆਖੇ ਹੀਰ ਸੁਣ ਸਾਈਂ ਕਾਜ਼ੀ ! ਦੱਸਾਂ ਸਚਾਵੀਆਂ ਬਾਤਾਂ ।
ਛੋੜ ਹਲਾਲ ਹਰਾਮ ਕਰੇਇਨ, ਫਿਟ ਤਿਨ੍ਹਾਂ ਦੀਆਂ ਜਾਤਾਂ
ਮੂਲ ਨਾ ਛੋੜੀਂ ਰਾਂਝੇ ਦਾ ਦਾਵਣ, ਜਿੱਥੇ ਮਿਲਣ ਸਤ ਸਨਾਤਾਂ।
ਤਾਹੀਂ ਹੱਸ ਨਿਆਉਂ ਕਰੇਨੈਂ, ਜੇ ਅਸ਼ਕ਼ ਨ ਜਾਤੀਆ ਘਾਤਾਂ ।”
ਕਾਜ਼ੀ— “ਕਾਫ਼ਰਿਆਣੀ ! ਕੁਫ਼ਰ ਪਵੀ ਮਤ, ਇਸ਼ਕ਼ ਹਰਾਮ ਸੁਣੀਂਦੀ।
ਚੇਟਕ ਚਾਕੇ ਨਾਲ ਲਗੋਈ, ਜਾਤੀ ਦਾਗ਼ ਲਏਂਦੀ ।
ਦਾਖ਼ਲ ਸਜਾਇ ਕਰੇਊਂ ਕੁੜੀਏ ! ਨਾਮਾਕੂਲ ਬੁਲਾਂਦੀ ।
ਸਮਝ ਅਲਾਇ ਸਿਆਣੀ ਕੁੜੀਏ ! ਮਤ ਰੋਇ ਸਜਾਇ ਪਏਂਦੀ।”
ਹੀਰ— “ਜੇ ਮੈਂ ਸੱਚ ਥੀਂ ਸਜਾਇ ਪਏਸਾਂ, ਇਸ ਜੇਹੀ ਹੋਰ ਨਾ ਕਾਈ ।
ਰਵਾ ਨਾ ਰੱਖੇਂ ਕਾਜੀ ਸਾਹਿਬ, ਤੁੱਧ ਭੀ ਪੇਟੋਂ ਜਾਈ।
ਹਾਜਰ ਆਇ ਖਲੋਤੀ ਤੈਂਡੇ, ਗੁੱਝੀ ਗੱਲ ਨ ਕਾਈ ।
ਜੀਵੰਦੀ ਕ਼ਬਰ ਪਈਂਦੀ ਕਾਜੀ, ਕਾਈ ਦੇਇ ਰਵਾਇਤ ਸਾਈਂ।”
ਕਾਜ਼ੀ- “ਸੁਣ ਹੀਰੇ ! ਜੰਞ ਆਲਮ ਢੱਕਾ, ਜਾਂ ਤੂੰ ਪਿਉ ਪਰਨਾਈ।
ਕੁਫ਼ਰ ਪਵੀ ਮੌਤ ਮਰੇਂ ਮਹੇਂਦੀ, ਗੁੱਝੀ ਗੱਲ ਨਾ ਕਾਈ ।
ਮੁਕਰ ਪਵੇਂ ਮਰੀਊਂ ਪਿੜ ਤੇ, ਮੈਨੂੰ ਕਾਵੜ ਆਈ।
ਕੀਕੂੰ ਸੱਚ ਮੰਨਾਂ ਕੁੰਬਖਤੀ ! ਤੇਰੀ ਚਾਕੇ ਸੋਂ ਅਸ਼ਨਾਈ ।”
ਹੀਰ— ਸੁਣ ਵੇ ਕਾਜ਼ੀ ਨਿਆਉਂ ਕਰਨੈ, ਖ਼ਬਰ ਨਾ ਕੋਈ ਜਾਣੈ |
ਨਿਆਉਂ ਕਰੇਂ, ਸਚਾਵਾ ਜੇਕਰ, ਕਰਨੈ ਮਨ ਦੇ ਭਾਣੇ |
ਕੁਫ਼ਰ ਤਿਨ੍ਹਾਂ ਨੂੰ ਪੌਸੀ ਕਾਜੀ, ਜੋ ਮਾਇਆ ਵੇਖ ਲੁਭਾਣੇ।
ਆਖ ਦਮੋਦਰ ਹੀਰ ਰਾਂਝੇ ਦੀ, ਸਭੋ ਕੋਈ ਜਾਣੇ । ”
ਕਾਜ਼ੀ— “ਸੁਣ ਨੀ ਹੀਰੇ ! ਗੁਣੀ ਗਹੀਰੇ ! ਆਲਮ ਸਭ ਸੁਣ ਪਾਇਆ।
ਖੇੜੇ ਨਾਲ ਵਿਆਹ ਕੀਤੋ ਨੇ , ਬਾਪ ਤੈਨੂੰ ਪਰਨਾਇਆ ।
ਕੇਤੇ ਖਰਚ ਕੀਤੇ ਹੈਂ ਖੇੜਿਆਂ, ਆਲਮ ਲੈ ਕੇ ਆਇਆ।
ਆਸ਼ਕ ਦੀ ਮਾਰੀ ਸੁਖ਼ਨ ਕਰੇਂਦੀ, ਸਭੋ ਸ਼ਰਮ ਵੰਞਾਇਆ ?”
ਹੀਰ— “ਏ ਗਲ ਮੂਲ ਨਾ ਆਖੋਂ ਕਾਜ਼ੀ, ਬਣਦੀ ਤੈਨੂੰ ਨਾਹੀਂ ।
ਸੱਚੇ ਖੁਦਾਇ ਦੇ ਕੋਲੋਂ ਡਰ ਤੂੰ, ਮਤ ਕਾਈ ਹੋਵੀ ਪੇਟੋਂ ਜਾਈ ।
ਅਕਬਰ ਸ਼ਾਹ ਦਾ ਰਾਜ ਵਡੇਰਾ, ਮੈਂ ਤੈਨੂੰ ਕਜ਼ਾ ' ਦਿੱਤੀ ਆਈ ।
ਆਖ ਦਮੋਦਰ ਸੁਣ ਮੀਆਂ ਕਾਜੀ ! ਮੈਂ ਵੀ ਰਾਠਾਂ ਜਾਈ।”
ਕਾਜ਼ੀ— “ਪਿਉ ਤੇਰਾ ਜੋ ਰਾਠ ਵਡੇਰਾ, ਤਾਂ ਸ਼ਰਮ ਨਾ ਕੀਤੀ ਭੋਰੀ ।
ਜੋ ਤੈਂ ਉਥੇ ਪਈ ਗੁਜ਼ਾਰੀ, ਹੁਣ ਨਪ ਖੇੜੇ · ਹੱਥ ਟੋਰੀ ।
ਵੱਡੀ ਬੇਸ਼ਰਮੀ ਕੀਤੀ ਆ ਹੀਰੇ, ਆਈ ਏਂ ਨਸ ਕੇ ਚੋਰੀ ।
ਭਲਾ ਜੇ ਵੰਞੇ ਨਾਲ ਸ਼ਰਮ ਦੇ, ਨਹੀਂ ਤਾਂ ਨੱਪ ਦਿਸਾਹੇਂ ਜੋਰੀ ।”
ਹੀਰ—
“ਤੂੰ ਕਿਉਂ ਜੋਰੀ ਕਰਨੈ ਕਾਜੀ! ਡਰੇਂ ਖ਼ੁਦਾ ਤੋਂ ਨਾਹੀਂ।
ਮੇਰਾ ਹੱਕ਼ ਰੰਝੇਟਾ ਏਹੇ, ਜਾਣੈ ਸਭ ਲੋਕਾਈ ।
ਲੈਕਰ ਵੱਢੀ ਹਕ ਗਵਾਏਂ ਕਢ ਕਿਤਾਬ ਵਿਖਾਈ ।
ਆਖ ਦਮੋਦਰ ਹੀਰ ਆਖੇ ਕਾਜੀ ! ਭਲਾ ਨਿਆਉਂ ਚੁਕਾਈ !'
ਕਾਜ਼ੀ— ਰੰਨ ਬਿਸ਼ਰਮੀ ! ਹੀਰੇ ਕੁੜੀਏ ! ਅਸਾਂਨੋ ਵੱਢੀ ਸੁਣਾਏਂ ।
ਛੋੜ ਹਲਾਲ ਹਰਾਮ ਨੂੰ ਪਕੜੇਂ, ਨੱਕ ਤੇ ਕੰਨ ਕਪਾਏਂ।
ਸ਼ਰ੍ਹਾ ਖ਼ੁਦਾਇ ਦੀ ਮੰਨੈ ਨਾਹੀਂ, ਫਿਰ ਫਿਰ ਚਾਕ ਸੁਣਾਏਂ ।”
ਆਖ ਦਮੋਦਰ ਕਾਜੀ ਆਖੇ, “ਅਗਹੁੰ ਬੇਅਦਬ ਅਲਾਏਂ ।”
ਹੀਰ— “ਨੱਕ ਤੇ ਕੰਨ ਤਿਨ੍ਹਾਂ ਦਾ ਕਪੀਏ, ਜੋ ਯਾਰੀ ਚੋਰੀ ਕਰੇਂਦਾ।
ਦੂਜਾ ਨੱਕ ਤਿਨ੍ਹਾਂ ਦਾ ਵਢੀਏ, ਜੋ ਹੱਕ਼ ਪਰਾਇਆ ਲੈਂਦਾ।
ਰਾਂਝਨ ਮੈਂਡਾ ਮੈਂ ਰਾਂਝੇ ਦੀ, ਬਿਆ ਨਿਕਾਹ ਨਾ ਥੀਂਦਾ।
ਕਾਜ਼ੀ ! ਅੱਖੀਂ ਕਦੀ ਨਾ ਡਿੱਠਾ ਖੇੜਾ, ਕੰਨੀਂ ਪਿਆ ਸੁਣੀਂਦਾ।”
ਕਾਜ਼ੀ— “ਸੁਣ ਹੀਰੇ ਤੀਜੇ ਵਰ੍ਹੇ ਦੀ ਤੂੰ ਪਰਨੀ, ਤੈਂ ਖੇੜੇ ਨਾਲ ਲੰਘਾਈ ।
ਈਹੋ ਚਾਕ ਬਾਪ ਤੇਰੇ ਦਾ, ਜਾਣੇ ਸਭ ਲੋਕਾਈ ।
ਭੁੱਖਾ ਮਰਦਾ ਵੱਤ ਨਿਖੱਥਾ, ਤਾਂ ਤੂੰ ਨੱਸ ਸਿਧਾਈ ।
ਆਖ ਦਮੋਦਰ ਸੁਣ ਨੀ ਹੀਰੇ ! ਤੈਂ ਕਿਉਂ ਹੈ ਅੱਤ ਚਾਈ।”
ਹੀਰ — ਸਾਢੇ ਪੈਂਤ੍ਰੀ ਮਾਹ ਗੁਜ਼ਾਰੇ, ਅਸਾਂ ਲੂਣ ਨਾ ਖੇੜੇ ਦਾ ਖਾਇਆ।
ਹਿਕਾ ਛਿਪਰੀ ਪੇਕਿਆਂ ਵਾਲੀ, ਅਸਾਂ ਤੇਵਰ ਨਾ ਕੋਈ ਹੰਡਾਇਆ।
ਜੇਹੀ ਭਾਵੀ ਸਹੁੰ, ਸੇ ਦੇਸਾਂ, ਕਦੀ ਮੰਜੇ ਪਾਸ ਨਾ ਲਾਇਆ।
ਆਖ ਦਮੋਦਰ ਅਜ ਦਿਸੇ ਲਾਲੀ, ਜੇ ਰਾਂਝੇ ਮੂੰਹ ਵਿਖਾਇਆ ।
ਕਾਜ਼ੀ— “ਇਹ ਰਾਂਝਾ ਹੈ ਚੋਰ ਸੰਨ੍ਹਾਂ ਦਾ, ਸ਼ਰ੍ਹਾ ਸੁ ਇਵ ਫੁਰਮੈਸੀ ।
ਚੋਰ ਚਿਰੋਕਾ ਪਿੱਛੇ ਲੱਗਾ, ਸਭ ਲੋਕ ਉਗਾਹੀ ਦੇਸੀ ।
ਖੇੜਾ ਤੇਰਾ ਹੱਕ ਜੋ ਹੀਰੇ, ਤੈਨੂੰ ਨਾਂਹਿ ਛੜੇਸੀ ।
ਇਹ ਕੀਕਣ ਹੋਵੇ ਸੁਣ ਹੀਰੇ, ਖਸਮ ਸੱਟ ਕੇ ਯਾਰ ਮਣੇਸੀ ??”
ਹੀਰ-— “ਤੂੰ ਸੁਣ ਬਾਤ ਸਭ ਮੀਆਂ ਕਾਜੀ ! ਅਸਾਂ ਆਪਣੀ ਸੰਧ ਸਿਞਾਤੀ ।
ਮੈਂ ਤੇ ਰਾਂਝੇ ਦਾ ਨਿਹੁੰ, ਚਿਰੋਕਾ, ਅਜੇ ਆਹੁਸ ਦੁਧ ਵਾਤੀ ।
ਵਿਚ ਪੰਘੂੜੇ ਦੇ ਪਈ ਤੜਫ਼ਾਂ, ਵੇਦਨ ਕਹੀਂ ਨ ਜਾਤੀ |
ਚੂਚਕ ਕਉਣ, ਸਿਰ ਭੱਸ ਅਲੀ ਦੇ, ਮੈਂ ਆਪਣੀ ਵਸਤ ਸਿਞਾਤੀ ।