ਅਲਫ-ਅੱਖੀਆਂ ਵਿਚ ਫ਼ਿਰਾਕ ਜਾਨੀ,
ਰੋ ਰੋ ਕੇ ਖ਼ੂਨ ਬਰਸਾਂਦੀਆਂ ਨੀ ।
ਉਸ ਦੇ ਬਾਝ ਦੀਦਾਰ ਬੀਮਾਰ ਹੋਈਆਂ,
ਉਸ ਨੂੰ ਦੇਖ ਕੇ ਹੀ ਸੇਹਤ ਪਾਂਦੀਆਂ ਨੀ ।
ਪਲਕ ਲਾਉਣੀ ਇਨ੍ਹਾਂ ਹਰਾਮ ਕੀਤੀ,
ਤਾਰੇ ਗਿਣਦਿਆਂ ਰੈਨ ਵਿਹਾਂਦੀਆਂ ਨੀ।
ਇਹੋ ਉਨ੍ਹਾਂ ਦੇ ਹਾਲ ਹਦਾਇਤੱਲਾ,
ਜਿਹੜੀਆਂ ਯਾਰ ਥੀਂ ਜ਼ੁਦਾ ਹੋ ਜਾਂਦੀਆਂ ਨੀ ।
ਬੇ-ਬਹੁਤ ਹਸੀਨ ਸੀ ਯਾਰ ਮੇਰਾ,
ਮਿਸਲ ਫੁੱਲ ਗੁਲਾਬ ਦਾ ਰੰਗ ਸਹੀਓ ।
ਭਵਾਂ ਵਾਂਗ ਕਮਾਨ ਤੇ ਚੰਦ ਮੱਥਾ,
ਆਹੂ ਚਸ਼ਮ ਗੁੰਚਾ ਮੁਖ ਤੰਗ ਸਹੀਓ ।
ਤਿੱਖਾ ਨੱਕ ਤਲਵਾਰ ਦੀ ਧਾਰ ਕੋਲੋਂ,
ਜੁਲਫ਼ਾਂ ਨਾਗ ਕਾਲੇ ਮਾਰਨ ਡੰਗ ਸਹੀਓ ।
ਠੋਡੀ ਸੇਉ ਕਸ਼ਮੀਰ ਹਦਾਇਤੁੱਲਾ,
ਗਰਦਨ ਉਸ ਦੀ ਮਿਸਲ ਕੁਲੰਗ ਸਹੀਓ ।
ਜੀਮ-ਜਾਨ ਕੁਰਬਾਨ ਹੈ ਉਸ ਉਤੋਂ,
ਜਿਹੜਾ ਯਾਰ ਦੀ ਖਬਰ ਲਿਆ ਦੇਵੇ ।
ਪਈ ਸਿਕਨੀ ਹਾਂ ਮੁਖ ਦੇਖਣੇ ਨੂੰ,
ਮੇਰਾ ਇਹ ਪੈਗਾਮ ਪੁਚਾ ਦੇਵੇ ।
ਦਮਾਂ ਬਾਝ ਗੁਲਾਮ ਕਰ ਲਏ ਮੈਨੂੰ,
ਡੇਰਾ ਅੱਖੀਆਂ ਦੇ ਵਿਚ ਲਾ ਦੇਵੇ ।
ਉਸ ਦੇ ਜਹੇ ਮਕਸੂਦ ਹਿਦਾਇਤੁੱਲਾ,
ਜਿਹੜਾ ਵਿਛੜੇ ਯਾਰ ਮਿਲਾ ਦੇਵੇ ।
ਬੇ-ਖੁਸ਼ੀ ਦੇ ਨਾਲ ਜਹਾਨ ਵੱਸੇ,
ਮੈਂ ਤੱਤੜੀ ਯਾਰ ਤੋਂ ਦੂਰ ਸਹੀਓ ।
ਔਗਣ ਲੱਖ ਹੈ ਮੇਰੇ ਗੁਣ ਇਕ ਨਾਹੀਂ,
ਕੀਕਰ ਯਾਰ ਦੇ ਜਾਵਾਂ ਹਜ਼ੂਰ ਸਹੀਓ ।
ਮੈਂ ਕੁਚੱਜੜੀ ਕਿਸੇ ਦੇ ਕੰਮ ਦੀ ਨਾ,
ਉਥੇ ਖਿਦਮਤਾਂ ਨੂੰ ਲੱਖ ਹੂਰ ਸਹੀਓ ।
ਵਾਹ ਵਾਹ ਉਨ੍ਹਾਂ ਦੇ ਬਖ਼ਤ ਹਿਦਾਇਤੁੱਲਾ,
ਜਿਹੜੇ ਯਾਰ ਨੀ ਨਜ਼ਰ ਮਨਜ਼ੂਰ ਸਹੀਓ ।
ਦਾਲ---ਦੇਖ ਖਾਂ ਪਾਂਧਿਆ ਫ਼ਾਲ ਮੇਰੀ,
ਕਦੀ ਬਾਵਰਾ ਯਾਰ ਭੀ ਆਂਵਦਾ ਈ ।
ਪਹੁੰਚੀ ਆਣ ਲਬਾਂ ਉਤੇ ਜਾਨ ਮੇਰੀ,
ਉਸ ਦੇ ਦੇਖਣੇ ਨੂੰ ਜੀਓ ਚਾਹੁੰਦਾ ਈ ।
ਜਿਵੇਂ ਪਿੰਜਰੇ ਵਿਚ ਤੱਯੂਰ ਫੜਕਣ,
ਤਿਵੇਂ ਰੂਹ ਮੇਰਾ ਘਬਰਾਉਂਦਾ ਈ ।
ਮੇਰੇ ਹਾਲ ਨੂੰ ਦੇਖ ਹਿਦਾਇਤੁੱਲਾ,
ਮਲਕੁਲਮੌਤ ਭੀ ਹੱਥ ਨਾਂ ਲਾਂਵਦਾ ਈ ।
ਚਾਲ-ਜਰਾ ਆਰਾਮ ਨਾਂ ਯਾਰ ਬਾਝੋਂ,
ਵਿਸਰ ਗਿਆ ਹੈ ਯਾਰ ਨੂੰ ਨਾਮ ਮੇਰਾ ।
ਐ ਬਾਦੇ ਸਬਾ ਤੂੰ ਵੰਜ ਇਤ ਵਲ,
ਅਤੇ ਯਾਰ ਨੂੰ ਦਈਂ ਸਲਾਮ ਮੇਰਾ ।
ਮੇਰੇ ਬਖ਼ਸ਼ ਖ਼ਤਾ ਤੂੰ ਸੱਜਣਾ ਵੇ,
ਆਖੇ ਰੋਇ ਕੇ ਇਹ ਪੈਗ਼ਾਮ ਮੇਰਾ ।
ਮੰਗੇ ਇਕ ਦੀਦਾਰ ਹਦਾਇਤੁੱਲਾ,
ਇਹੋ ਵਿਰਦ ਹੈ ਸੁਬ੍ਹਾ ਤੇ ਸ਼ਾਮ ਮੇਰਾ ।
ਜ਼ੇ—ਜ਼ਰ ਨਾ ਰਿਹਾ ਸਰੀਰ ਅੰਦਰ,
ਹਜ਼ਰਤ ਇਸ਼ਕ ਦੇ ਵੱਡੇ ਫ਼ਿਰਾਕ ਲੋਕੋ ।
ਯੂਸਫ਼ ਨਾਲ ਜ਼ੁਲੈਖਾਂ ਨੇ ਇਸ਼ਕ ਕਰ ਕੇ,
ਸਾਰੀ ਉਮਰ ਕੱਟੀ ਗ਼ਮਨਾਕ ਲੋਕੋ ।
ਜ਼ਿੰਦਾ ਹੋਵੇ ਮਜਨੂੰ ਤਦਾਂ ਹਾਲ ਦੱਸੇ,
ਜਿਸ ਦਾ ਇਸ਼ਕ ਕੀਤਾ ਸੀਨਾ ਚਾਕ ਲੋਕੋ ।
ਹਜ਼ਰਤ ਇਸ਼ਕ ਥੀਂ ਕਹੇ ਹਦਾਇਤੁੱਲਾ,
ਪਾਇਆ ਸੁਖ ਨਾ ਕਿਸੇ ਉੱਸ਼ਾਕ ਲੋਕੋ ।
ਸੀਨੇ—ਸਭ ਸਹੀਆਂ ਸੁਖ ਵੱਸ ਪਈਆਂ,
ਇਕੋ ਮੈਂ ਕੰਬਖਤ ਇਕੱਲੜੀ ਜੇ ।
ਮੇਰੇ ਦੁਖੀ ਦੀ ਗੱਲ ਨਾ ਸੁਣ ਕੋਈ,
ਮੇਰਾ ਨਾਮ ਪਾਇਆ ਲੋਕਾਂ ਝਲੜੀ ਜੇ ।
ਜ਼ੋਇ-ਜ਼ੁਲਮ ਹੈ ਯਾਰ ਤੋਂ ਦੂਰ ਰਹਿਣਾ,
ਪਈ ਕੂੰਜ ਵਾਂਗੂ ਕੁਰਲਾਵਨੀ ਹਾਂ ।
ਬੁਲਬੁਲ ਵਾਂਗ ਮੈਂ ਬਾਗੇ-ਜਹਾਨ ਅੰਦਰ,
ਸੜੀ ਹਿਜਰ ਦੀ ਸ਼ੋਰ ਮਚਾਵਨੀ ਹਾਂ ।
ਮੇਰੇ ਯਾਰ ਨੂੰ ਤਰਸ ਨਾ ਮੂਲ ਮੇਰਾ,
ਨੀ ਮੈਂ ਵਾਂਗ ਸ਼ਮ੍ਹਾਂ ਜਲ ਜਾਵਨੀ ਹਾਂ ।
ਕਦੋਂ ਆਂਵਦਾ ਯਾਰ ਹਦਾਇਤੁੱਲਾ,
ਉਡ ਕਾਗਾ ਮੈਂ ਚੂਰੀਆਂ ਪਾਵਨੀ ਹਾਂ ।
ਫ਼ੇ-ਫ਼ਜਰ ਤੇ ਸ਼ਾਮ ਸਹੇਲੀਓ ਨੀ,
ਪੀਆ ਬਾਝ ਮੈਂ ਹੋਇ ਕੇ ਕੱਟਨੀ ਆਂ ।
ਕਤਾਂ ਵਾਲੀਆਂ ਸੀਸ ਗੁੰਦਾਂਦੀਆਂ ਨੇ,
ਅਤੇ ਮੈਂ ਤੱਤੀ ਖੋਹ ਕੇ ਸੱਟਨੀ ਆਂ।
ਸਹੀਆਂ ਲਾਂਦੀਆਂ ਹਾਰ ਸ਼ੰਗਾਰ ਸੋਹਣੇ,
ਮੈਂ ਤਾਂ ਚਸ਼ਮਾਂ ਥੀਂ ਖ਼ੂਨ ਪਲੱਟਨੀ ਆਂ ।
ਨਹੀਂ ਆਉਂਦੀ ਮੌਤ ਹਦਾਇਤੁੱਲਾ,
ਕਈ ਸਾਲ ਗੁਜ਼ਰੇ ਹੀਰਾ ’ ਚੱਟਨੀ ਆਂ ।
ਯੋ-ਯਾਦ ਨਾ ਰਿਹਾ ਜੀ ਦੁੱਖ ਕੋਈ,
ਜਿਸ ਵਕਤ ਮਿਲਿਆ ਸਹੀਓ ਯਾਰ ਮੈਨੂੰ ।
ਮੇਰੀ ਭਾਹ ਪ੍ਰੇਮ ਦੀ ਦਰਦ ਹੋਈ,
ਖਿੜੀ ਵਾਂਗ ਖ਼ਲੀਲ ਗੁਲਜ਼ਾਰ ਮੈਨੂੰ ।
ਦਿਨ ਹਸ਼ਰ ਦੇ ਦਏਗਾ ਹੌਜ਼ ਕੌਸਰ,
ਸਾਕੀ ਮਿਲਿਆ ਜੇ ਉਹ ਸਰਦਾਰ ਮੈਨੂੰ ।
ਉਹਦੇ ਨਾਮ ਤੁਫ਼ੈਲ ਹਦਾਇਤੁੱਲਾ,
ਬਖਸ਼ ਦੇਵੇਗਾ ਰੱਬ ਗੱਫ਼ਾਰ ਮੈਨੂੰ ।