ਸੀਹਰਫ਼ੀ

ਅਲਫ਼ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿੱਚ ਲਾਈ ਹੂ।

ਨਫ਼ੀ ਅਸਬਾਤ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾਈ ਹੂ।

ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁੱਲਾਂ ਪਰ ਆਈ ਹੂ।

ਜੀਵੇ ਮੁਰਸ਼ਦ ਕਾਮਲ ਬਾਹੂ, ਜਿਸ ਇਹ ਬੂਟੀ ਲਾਈ ਹੂ।

ਅੱਲਾ ਪੜ੍ਹਿਓ ਹਾਫ਼ਿਜ਼ ਹੋਇਉਂ, ਗਿਆ ਹਿਜਾਬੋਂ ਪਰਦਾ ਹੂ।

ਪੜ੍ਹ ਪੜ੍ਹ ਆਲਿਮ ਫ਼ਾਜ਼ਿਲ ਹੋਇਉਂ, ਤੇ ਤਾਲਿਬ ਹੋਇਓਂ ਜ਼ਰ ਦਾ ਹੂ।

ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ, ਪਰ ਜ਼ਾਲਿਮ ਨਫ਼ਸ ਨਾ ਮਰਦਾ ਹੂ।

ਬਾਝ ਫ਼ਕੀਰਾਂ ਕੋਈ ਨਾ ਮਾਰੇ, ਏਹੋ ਚੋਰ ਅੰਦਰ ਦਾ ਹੂ।

ਅਲਫ਼ ਅਹਦ ਜਦ ਦਿੱਤੀ ਦਿਖਾਲੀ, ਅਜ਼ ਖ਼ੁਦ ਹੋਇਆ ਫ਼ਾਨੀ ਹੂ।

ਕੁਰਬ ਵਸਾਲ ਮਕਾਮ ਨਾ ਮੰਜ਼ਿਲ, ਨਾ ਉੱਥੇ ਜਿਸਮ ਨਾ ਜਾਨੀ ਹੂ।

ਨਾ ਉੱਥੇ ਇਸ਼ਕ ਮੁਹਬਤ ਕਾਈ, ਨਾ ਉੱਥੇ ਕੌਨ-ਮਕਾਨੀ ਹੂ।

ਐਨੋ ਐਨ ਥੀਓਸੇ ਬਾਹੂ ਸਦ ਵਹਦਤ ਸੁਬਹਾਨੀ ਹੂ।

ਅੱਲਾ ਸਹੀ ਕੀਤੋਸੇ ਜਿਸਦਮ, ਚਮਕਿਆ ਇਸ਼ਕ ਅਗੂਹਾਂ ਹੂ।

ਰਾਤ ਦਿਹਾਂ ਦੇ ਤਾਅ ਤਿਖੇਰੇ, ਕਰੇ ਅਗੋਹਾਂ ਸੂਹਾਂ ਹੂ।

ਅੰਦਰ ਭਾਹੀਂ ਅੰਦਰ ਬਾਲਣ, ਅੰਦਰ ਦੇ ਵਿੱਚ ਧੂਹਾਂ ਹੂ।

ਸ਼ਾਹ ਰਗ ਬੀਂ ਰੱਬ ਨੇੜੇ ਲੱਧਾ, ਜਦ ਇਸ਼ਕ ਕੀਤੋਸੇ ਸੂਹਾਂ ਹੂ।

ਇਹ ਦੁਨੀਆ ਜ਼ਨ ਹੈਜ਼ ਪਲੀਤੀ, ਕੇਤੀ ਮਲ ਮਲ ਧੋਂਦੇ ਹੂ।

ਦੁਨੀਆ ਕਾਰਨ ਆਲਿਮ ਫ਼ਾਜ਼ਿਲ, ਗੋਸ਼ੇ ਬਹਿ ਬਹਿ ਰੋਂਦੇ ਹੂ।

ਦੁਨੀਆ ਕਾਰਨ ਲੋਕ ਵਿਚਾਰੇ, ਇਕ ਪਲ ਸੁਖ ਨਾ ਸੌਂਦੇ ਹੂ।

ਜਿਨ੍ਹਾਂ ਛੱਡੀ ਦੁਨੀਆ ਬਾਹੂ, ਕੰਧੀ ਚੜ੍ਹ ਖਲੋਂਦੇ ਹੂ।

ਅਲਫ਼ ਅਲਸਤ ਸੁਣਿਆ ਦਿਲ ਮੇਰੇ, ਜਿੰਦ ਬਲਾ ਕੁਕੇਂਦੀ ਹੂ।

ਹੁੱਬ ਵਤਨ ਦੀ ਗ਼ਾਲਿਬ ਹੋਈ, ਹਿੱਕ ਪੱਲ ਸੌਣ ਨਾ ਦੇਂਦੀ ਹੂ।

ਕਹਿਰ ਪਵੇ ਇਹ ਰਾਹਜ਼ਨ ਦੁਨੀਆ, ਹੱਕ ਦਾ ਰਾਹ ਮਰੇਂਦੀ ਹੂ।

ਆਸ਼ਕ ਮੂਲ ਕਬੂਲ ਨਾ ਬਾਹੂ, ਜ਼ਾਰੋ ਜ਼ਾਰ ਰੁਵੇਂਦੀ ਹੂ।

ਓਹੋ ਨਫ਼ਸ ਅਸਾਡਾ ਬੇਲੀ, ਜੋ ਨਾਲ ਅਸਾਡੇ ਸਿੱਧਾ ਹੂ।

ਜ਼ਾਹਿਦ ਆਬਿਦ ਆਣ ਨਿਵਾਏ, ਜਿੱਥੇ ਟੁਕੜਾ ਵੇਖੇ ਧਿੱਧਾ ਹੂ।

ਜੋ ਕੋਈ ਉਸ ਦੀ ਕਰੇ ਸਵਾਰੀ, ਨਾਮ ਅੱਲਾ ਉਸ ਲੱਧਾ ਹੂ।

ਰਾਹ ਫ਼ਕਰ ਦਾ ਮੁਸ਼ਕਲ ਬਾਹੂ, ਘਰ ਮਾਂ ਨਾ ਸੀਰਾ ਰਿੱਧਾ ਹੂ।

ਅਜ਼ਲ ਅਬਦ ਨੂੰ ਸਹੀ ਕੀਤੋਸੇ, ਵੇਖ ਤਮਾਸ਼ੇ ਗੁਜ਼ਰੇ ਹੂ।

ਚੌਦਾਂ ਤਬਕ ਦਿਲੇ ਦੇ ਅੰਦਰ, ਆਤਸ਼ ਲਾਏ ਹੁਜਰੇ ਹੂ।

ਜਿਨ੍ਹਾਂ ਹੱਕ ਨਾ ਹਾਸਿਲ ਕੀਤਾ, ਦੋਹੀਂ ਜਹਾਨੀਂ ਉਜੜੇ ਹੂ।

ਆਸ਼ਕ ਗ਼ਰਕ ਹੋਏ ਵਿੱਚ ਵਹਦਤ, ਦੇਖ ਤਿਨ੍ਹਾਂ ਦੇ ਮੁਜਰੇ ਹੂ।

ਅੰਦਰ ਹੂ ਤੇ ਬਾਹਰ ਵੀ ਹੂ, ਹਰਦਮ ਨਾਲ ਜਲੇਂਦਾ ਹੂ।

ਹੂ ਦਾ ਦਾਗ਼ ਮੁਹੱਬਤ ਵਾਲਾ, ਹਰਦਮ ਪਿਆ ਸੜੇਂਦਾ ਹੂ।

ਜਿੱਥੇ ਹੂ ਕਰੇ ਰੁਸ਼ਨਾਈ, ਛੋੜ ਅੰਧੇਰਾ ਵੈਂਦਾ ਹੂ।

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ, ਜੋ ਹੂ ਸਹੀ ਕਰੇਂਦਾ ਹੂ।

ਅੱਧੀ ਲਾਅਨਤ ਦੁਨੀਆ ਤਾਈਂ, ਸਾਰੀ ਦੁਨੀਆਦਾਰਾਂ ਹੂ।

ਜੇ ਰਾਹ ਸਾਹਿਬ ਖ਼ਰਚ ਨਾ ਕੀਤੀ, ਪੈਣ ਗ਼ਜ਼ਬ ਦੀਆਂ ਮਾਰਾਂ ਹੂ।

ਪਿਉਆਂ ਕੋਲੋਂ ਪੁੱਤ ਕਹਾਵੇ, ਭੱਠ ਦੁਨੀਆ ਮੱਕਾਰਾਂ ਹੂ।

ਤਰਕ ਜਿਨ੍ਹਾਂ ਦੁਨੀਆ ਥੀ ਕੀਤੀ, ਲੈਸਣ ਬਾਗ਼ ਬਹਾਰਾਂ ਹੂ।

ਇਹ ਦੁਨੀਆ ਰਨ ਹੈਜ਼ ਪਲੀਤੀ, ਹਰਗਿਜ ਪਾਕ ਨਾ ਥੀਵੇ ਹੂ।

ਜੇ ਫ਼ਕਰ ਘਰ ਦੁਨੀਆ ਹੋਵੇ, ਲਾਅਨਤ ਤਿਸ ਦੇ ਜੀਵੇ ਹੂ।

ਹੁੱਬ ਦੁਨੀਆ ਦੀ ਰੱਬ ਕੀ ਮੋੜੇ, ਵੇਲੇ ਫ਼ਿਕਰ ਕਚੀਵੇ ਹੂ।

ਸਿਹ ਤਲਾਕ ਦੁਨੀਆ ਨੂੰ ਦੇਈਏ, ਜੇ ਕੋ ਸੱਚ ਪੁਛੀਵੇ ਹੂ।

ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੂ।

ਮੰਗਣ ਈਮਾਨ ਸ਼ਰਮਾਵਣ ਇਸ਼ਕੋਂ, ਦਿਲ ਨੂੰ ਗ਼ੈਰਤ ਹੋਈ ਹੂ।

ਜਿਸ ਮੰਜ਼ਿਲ ਨੂੰ ਇਸ਼ਕ ਪਹੁੰਚਾਵੇ, ਈਮਾਨ ਖ਼ਬਰ ਨਾ ਕੋਈ ਹੂ।

ਇਸ਼ਕ ਸਲਾਮਤ ਰੱਖੀਂ ਬਾਹੂ, ਦਿਆਂ ਈਮਾਨ ਧਰੋਈ ਹੂ।

ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਦੇਖ ਨਾ ਰੱਜਾਂ ਹੂ।

ਲੂੰ ਲੂੰ ਦੇ ਮੁੱਢ ਲੱਖ ਲੱਖ ਚਸ਼ਮਾਂ, ਹਿੱਕ ਖੋਲ੍ਹਾਂ ਹਿੱਕ ਕੱਜਾਂ ਹੂ।

ਇਤਨਿਆਂ ਡਿਠਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ।

ਮੁਰਸ਼ਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ।

ਅੰਦਰ ਵਿੱਚ ਨਮਾਜ਼ ਅਸਾਡੀ, ਹਿਕਸੇ ਜਾਂ ਨਿਤੀਵੇ ਹੂ।

ਨਾਲ ਕਯਾਮ ਰਕੂਅ ਸਜੂਦੇ, ਕਰ ਤਕਰਾਰ ਪੜ੍ਹੀਵੇ ਹੂ।

ਇਹ ਦਿਲ ਹਿਜਰ ਫ਼ਿਰਾਕੋਂ ਸੜਿਆ, ਇਹ ਦਮ ਮਰੇ ਨਾ ਜੀਵੇ ਹੂ।

ਸੱਚਾ ਰਾਹ ਮੁਹੰਮਦ ਵਾਲਾ, ਜੇ ਵਿੱਚ ਹੱਬ ਲਭੀਵੇ ਹੂ।

ਅੱਖੀਂ ਸੁਰਖ਼ ਤੇ ਮੂੰਹੀ ਜ਼ਰਦੀ, ਹਰ ਵੱਲੋਂ ਦਿਲ ਆਹੀ ਹੂ।

ਮੁਹਾ ਮੁਹਾੜ ਖ਼ੁਸ਼ਬੂਈ ਵਾਲਾ, ਪਹੁੰਤਾ ਵੰਜ ਕਿਦਾਹੀਂ ਹੂ।

ਇਸ਼ਕ ਮੁਸ਼ਕ ਨਾ ਛੁੱਪੇ ਰਹਿੰਦੇ, ਜ਼ਾਹਰ ਬੀਣ ਉਬਾਹੀਂ ਹੂ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ, ਜਿਨ ਲਾਮਕਾਨੀ ਜਾਈਂ ਹੂ।

ਅੰਦਰ ਕਲਮਾ ਕਲ-ਕਲ ਕਰਦਾ, ਇਸ਼ਕ ਸਿਖਾਇਆ ਕਲਮਾਂ ਹੂ।

ਚੌਦਾ ਤਬਕੇ ਕਲਮੇ ਅੰਦਰ, ਛੱਡ ਕਿਤਾਬਾਂ ਇਲਮਾਂ ਹੂ।

ਕਾਨੇ ਕੱਪ ਕੱਪ ਕਲਮ ਬਣਾਵਣ, ਲਿਖ ਨਾ ਸਕਣ ਕਲਮਾਂ ਹੂ।

ਕਲਮਾਂ ਮੈਨੂੰ ਪੀਰ ਪੜ੍ਹਾਇਆ, ਜ਼ਰਾ ਨਾ ਰਹੀਆਂ ਅਲਮਾਂ ਹੂ।

ਇਹ ਤਨ ਰੱਬ ਸੱਚੇ ਦਾ ਹੁਜਰਾ, ਵਿੱਚ ਪਾ ਫ਼ਕੀਰਾ ਝਾਤੀ ਹੂ।

ਨਾ ਕਰ ਮਿੰਨਤ ਖ਼ਵਾਜਾ ਖ਼ਿਜ਼ਰ ਦੀ, ਤੈਂ ਅੰਦਰ ਆਬ ਹਯਾਤੀ ਹੂ।

ਸ਼ੌਕ ਦਾ ਦੀਵਾ ਬਾਲ ਹਨੇਰੇ, ਮੱਤ ਲੱਭੀ ਵਸਤ ਖੜਾਤੀ ਹੂ।

ਮਰਨ ਬੀਂ ਅੱਗੇ ਮਰ ਰਹੇ, ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੂ।

ਇਹ ਤਨ ਰੱਬ ਸੱਚੇ ਦਾ ਹੁਜਰਾ, ਖਿੜੀਆਂ ਬਾਗ਼ ਬਹਾਰਾਂ ਹੂ।

ਵਿੱਚ ਕੂਜ਼ੇ ਵਿੱਚ ਮਸੱਲੇ, ਸਜਦੇ ਦਿਆਂ ਹਜ਼ਾਰਾਂ ਹੂ।

ਵਿੱਚੇ ਕਾਅਬਾ ਵਿੱਚੇ ਕਿਬਲਾ, ਇਲਅੱਲਾ ਪੁਕਾਰਾਂ ਹੂ।

ਕਾਮਿਲ ਮੁਰਸ਼ਦ ਮਿਲਿਆ ਬਾਹੂ, ਆਪੇ ਲੈਸੀ ਸਾਰਾਂ ਹੂ।

ਔਝੜ ਝਲ ਤੇ ਮਾਰੂ ਬੋਲੇ, ਜਿੱਥੇ ਜਾਲਣ ਆਈ ਹੂ।

ਜਿਸ ਕੰਧੀ ਨੂੰ ਢਾਹ ਹਮੇਸ਼ਾ, ਅੱਜ ਢੱਠੀ ਕੱਲ੍ਹ ਢਾਈ ਹੂ।

ਨੈਂ ਜਿਨ੍ਹਾਂ ਦੀ ਵਹੇ ਸਿਰ੍ਹਾਂਦੀ, ਉਹ ਸੁੱਖ ਨਾ ਸੌਂਦੇ ਰਾਹੀ ਹੂ।

ਰੇਤ ਪਾਣੀ ਜਿੱਥੇ ਹੋਣ ਇਕੱਠੇ, ਉੱਥੇ ਬੰਨੀ ਨਾ ਬਝਦੀ ਕਾਈ ਹੂ।

ਆਪ ਨਾ ਤਾਲਿਬ ਹੈਨ ਕਹੀਂ ਦੇ, ਲੋਕਾਂ ਤਾਲਿਬ ਕਰਦੇ ਹੂ।

ਚਾਵਣ ਖੇਪਾਂ ਕਰਦੇ ਸੇਪਾਂ, ਨਾ ਰੱਬ ਦੇ ਕਹਿਰੋਂ ਡਰਦੇ ਹੂ।

ਇਸ਼ਕ ਮਜਾਜ਼ੀ ਤਿਲਕਣ ਬਾਜ਼ੀ, ਪੈਰ ਅਵੱਲੇ ਧਰਦੇ ਹੂ।

ਉਹ ਸ਼ਰਮਿੰਦੇ ਹੋਸਨ ਬਾਹੂ, ਅੰਦਰ ਰੋਜ਼ ਹਸ਼ਰ ਦੇ ਹੈ।

ਅੰਦਰ ਹੂ ਤੇ ਬਾਹਰ ਹੂ, ਵੱਤ ਬਾਹੂ ਕਿੱਥੇ ਲਭੀਵੇ ਹੂ।

ਸੈ ਰਿਆਜ਼ਤ ਕਰ ਕਰਾਹਾਂ, ਖ਼ੂਨ ਜਿਗਰ ਦਾ ਪੀਵੇ ਹੂ।

ਲੱਖ ਹਜ਼ਾਰ ਕਿਤਾਬਾਂ ਪੜ੍ਹ ਕੇ, ਦਾਨਿਸ਼ਮੰਦ ਸਦੀਵੇ ਹੂ।

ਨਾਮ ਫ਼ਕੀਰ ਤਹੇਦਾ ਬਾਹੂ, ਕਬਰ ਜਹੇਦੀ ਜੀਵੇ ਹੂ।

ਅਲਫ਼ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿੱਚ ਲਾਂਦਾ ਹੂ।

ਜਿਸ ਗਤ ਉੱਤੇ ਸੋਹਣਾ ਰਾਜ਼ੀ, ਓਹੋ ਗਤ ਸਿਖਾਂਦਾ ਹੂ।

ਹਰਦਮ ਯਾਦ ਰੱਖੇ ਹਰ ਵੇਲੇ, ਸੋਹਣਾ ਉਠਾਂਦਾ ਬਹਾਂਦਾ ਹੂ।

ਆਪ ਸਮਝ ਸਮਝੌਂਦਾ ਬਾਹੂ, ਆਪ ਆਪੇ ਬਣ ਜਾਂਦਾ ਹੂ।