ਕਿਸੇ ਖ਼ਾਮੋਸ਼ ਜਜ਼ਬੇ ਦੇ ਉਛਾਲੇ ਜੋਸ਼ ਵਿਚ ਆ ਕੇ,
ਉਮ੍ਹਲਦੇ, ਮੌਲਦੇ ਹੋਏ ਕਿਸੇ ਸੁਪਨੇ ਦੀ ਤਹਿ ਅੰਦਰ,
ਭਵਿੱਖਤ ਦੇ ਝਰੋਖੇ 'ਚੋਂ ਹਮੇਸ਼ਾਂ ਜਗਮਗਾਉਂਦੇ ਨੇ ।
ਕਦੀ ਫਿਰ ਕਲਪਨਾ ਮੇਰੀ ਕਿਸੇ ਮਸਤੀ 'ਚ ਲਹਿਰਾ ਕੇ,
ਉਸਾਰੇ ਹਰ ਸਿਤਾਰੇ 'ਚੋਂ ਗਵਾਚੇ ਪਿਆਰ ਦਾ ਮੰਦਰ;
ਕਈ ਹੌਕੇ ਜਿਦ੍ਹੇ ਦਰ ਤੇ ਅਜੇ ਵੀ ਫੜਫੜਾਉਂਦੇ ਨੇ ।
ਕਿ ਉਸ ਮੰਦਰ ਦੇ ਕਲਸਾਂ 'ਚੋਂ ਹੈ ਐਸੀ ਰੌਸ਼ਨੀ ਝਰਦੀ-
ਕਿ ਜਿਸ ਦੇ ਨਿੱਘ ਦੇ ਅੰਦਰ ਜਵਾਨੀ ਤਿਲਮਿਲਾਉਂਦੀ ਏ,
ਕਦੀ ਪਲਕਾਂ 'ਚ ਡਲ੍ਹਕਾਂ ਬਣ ਨਜ਼ਰ ਉਹ ਝਿਲਮਿਲਾਉਂਦੀ ਏ,
ਕਿ ਜਿਸਦੀ ਰੌ 'ਚ ਡੁੱਬੀ ਜ਼ਿੰਦਗੀ ਮੇਰੀ ਹੈ ਇਹ ਤਰਦੀ।
ਮੈਂ ਇਕ ਇਕ ਸਾਹ ਦੇ ਉਹਲੇ ਕਈ ਜੀਵਨ ਹਾਂ ਜੀ ਲੈਂਦਾ,
ਸੁਹਪੱਣ ਮੌਤ ਮੇਰੀ ਹੈ ਸੁਹਪੱਣ ਜ਼ਿੰਦਗੀ ਮੇਰੀ !
ਕਦੀ ਕੁਛ ਚੰਦ ਤਾਰੇ ਕੋਹ ਜਾਂਦੇ ਹਰ ਖੁਸ਼ੀ ਮੇਰੀ,
ਕਦੀ ਜੀਵਨ ਦਾ ਅੰਮ੍ਰਿਤ ਹਾਂ ਕਿਸੇ ਕਿਣਕੇ 'ਚੋਂ ਪੀ ਲੈਂਦਾ ।