ਇੰਦਰਜੀਤ ਸਿੰਘ ਤੁਲਸੀ ਪੰਜਾਬੀ ਅਤੇ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਗੀਤਕਾਰ ਸਨ। ਉਹਨਾਂ ਦਾ ਜਨਮ 2 ਅਪ੍ਰੈਲ 1926 ਈ. ਨੂੰ ਕਾਨ੍ਹਾ ਕਾਡਾ, ਲਾਹੌਰ ਵਿਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ. ਮੂਲ ਸਿੰਘ ਅਤੇ ਮਾਤਾ ਦਾ ਨਾਮ ਬਸੰਤ ਕੌਰ ਸੀ। ਇੰਦਰਜੀਤ ਸਿੰਘ ਤੁਲਸੀ ਉਸ ਸਮੇਂ ਦੋ ਸਾਲ ਦੇ ਜਦ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਤੁਲਸੀ ਦਾ ਪਾਲਣ ਪੋਸ਼ਣ ਕੀਤਾ। ਉਹਨਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਗਿਆਨੀ ਦੀ ਪੜ੍ਹਾਈ ਪੂਰੀ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਹਨਾਂ ਨੂੰ ਰੇਲਵੇ ਵਿਚ ਨੌਕਰੀ ਮਿਲ ਗਈ ਅਤੇ ਉਹ ਆਪਣੇ ਪਰਿਵਾਰ ਸਮੇਤ ਫਿਰੋਜ਼ਪੁਰ ਹੀ ਰਹਿਣ ਲੱਗ ਗਏ ਸਨ।
ਰੇਲਵੇ ਵਿਭਾਗ ਵਿਚ ਹੀ ਨੌਕਰੀ ਕਰਦੇ ਸਮੇਂ ਉਹਨਾਂ ਨੇ ਕਵਿਤਾ ਲਿਖਣੀ ਆਰੰਭ ਕੀਤੀ। ਇਥੇ ਹੀ ਜਦ ਉਹ ਇਕ ਵਾਰੀ ਰੇਲਵੇ ਸਮਾਰੋਹ ਵਿਚ ਕਵਿਤਾ ਸੁਣਾ ਰਹੇ ਤਾਂ ਰੇਲ ਮੰਤਰੀ ਜੀਵਨ ਰਾਮ ਉਹਨਾਂ ਦੀ ਕਵਿਤਾ ਸੁਨਣ ਤੋਂ ਬਾਅਦ ਉਹਨਾਂ ਨੂੰ ਤਰੱਕੀ ਦੇ ਕੇ ਨਵੀਂ ਦਿੱਲੀ ਟਰਾਂਸਫਰ ਕਰ ਦਿੱਤਾ। ਉਹ ਕਵੀ ਸੰਮੇਲਨਾਂ ਵਿੱਚ ਪ੍ਰਸਿੱਧ ਹੋਏ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਨੇੜਲੇ ਸੰਬੰਧ ਬਣੇ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਸਮਾਰੋਹਾਂ ਵਿਚ ਕਵਿਤਾ ਸੁਣਾਉਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਸੁਰ-ਸਿੰਗਾਰ, ਪਰਮ ਪੁਰਖ: ਗੁਰੂ ਨਾਨਕ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਅਤੇ ਗੋਬਿੰਦਾਇਣ ਕਿਤਾਬਾਂ ਲਿਖੀਆ।
ਇੰਦਰਜੀਤ ਸਿੰਘ ਤੁਲਸੀ ਨੇ ਮੁੱਖ ਤੌਰ ਤੇ ਦੇਸ਼ ਭਗਤੀ ਵੱਲ ਧਿਆਨ ਦਿੱਤਾ ਪਰ ਬਾਲੀਵੁੱਡ ਵਿਚ ਉਹਨਾਂ ਨੇ ਗੀਤਕਾਰ ਵਜੋਂ ਪ੍ਰਵੇਸ਼ ਕੀਤਾ। ਉਹਨਾਂ ਨੇ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਅਤੇ ਜੀਵਨ ਚਲਨੇ ਕਾ ਨਾਮ ਵਰਗੇ ਹਿੱਟ ਗੀਤ ਦਿੱਤੇ। ਇਸ ਤੋਂ ਇਲਾਵਾ ਰਾਜ ਕਪੂਰ, ਐੱਨ.ਐੱਨ.ਸਿੱਪੀ ਅਤੇ ਬੀ.ਆਰ. ਚੋਪੜਾ ਵਰਗੇ ਨਿਰਮਾਤਾਵਾਂ ਨਾਲ ਕੰਮ ਕੀਤਾ ਅਤੇ ਬੌਬੀ, ਚੋਰ ਮਚਾਏ ਸ਼ੋਰ, ਕਾਲੀਚਰਨ, ਕਰਮ, ਆਦਿ ਹਿੰਦੀ ਫ਼ਿਲਮਾਂ ਲਈ ਗੀਤ ਲਿਖੇ। ਇਸ ਦੇ ਨਾਲ ਉਹਨਾਂ ਨੇ ਪੰਜਾਬੀ ਫ਼ਿਲਮਾਂ ਜਿਵੇਂ ਸੰਤੋ ਬੰਤੋ, ਲਾਡਲੀ ਅਤੇ ਯਾਰ ਗਰੀਬਾਂ ਦਾ ਆਦਿ ਫ਼ਿਲਮਾਂ ਵਿਚ ਵੀ ਯੋਗਦਾਨ ਦਿੱਤਾ।
ਇੰਦਰਜੀਤ ਸਿੰਘ ਦੇ ਇਸ ਯੋਗਦਾਨ ਦੇ ਲਈ 1962 ਈ. ਵਿਚ ਪੰਜਾਬ ਦੇ ਗਵਰਨਰ ਵੱਲੋਂ ਉਹਨਾਂ ਨੂੰ ਰਾਜਕਵੀ ਦੀ ਉਪਾਧੀ ਦਿੱਤੀ ਗਈ। ਕਲਾ ਅਤੇ ਸਿੱਖਿਆ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। 11 ਮਈ 1984 ਈ. ਵਿਚ ਬੰਬਾਈ ਵਿਚ ਇਕ ਸਟੇਜ ਤੇ ਕਵਿਤਾ ਸੁਣਾਉਂਦੇ ਹੋਏ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ ਸੀ।