ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ
ਕਿ ਤੰਗ ਏਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।
ਇਹ ਦੁਨੀਆਂ ਦੀ ਮਹਫ਼ਿਲ ਉਠਾਵੇ ਕਿਉਂ ਮੈਨੂੰ ?
ਕਿ ਸਾਕੀ ਦਾ ਮੈਂ ਵੀ ਬੁਲਾਇਆ ਹੋਇਆ ਹਾਂ ।
ਮਰਨ ਵੇਲੇ ਉਸ ਦੀ ਕਿਉਂ ਯਾਦ ਆਈ
ਮੈਂ ਜਿਸ ਦੀ ਨਜ਼ਰ ਦਾ ਭੁਲਾਇਆ ਹੋਇਆ ਹਾਂ ?
ਕ਼ਫ਼ਨ ਵਿਚ ਜ਼ਰਾ ਸੌਣ ਦੇਵੇਂ, ਨਾ ਬੋਲੋ
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ ।
ਨਾ ਦੋਜ਼ਖ ਦੀ ਅੱਗ ਵਿਚ ਮੇਰੀ ਬਾਲ ਮਿੱਟੀ
ਮੈਂ ਦੁਨੀਆਂ ਦਾ ਪਹਲੋਂ ਜਲਾਇਆ ਹੋਇਆ ਹਾਂ।
ਕਬਰ ਵਿਚ ਫਰਿਸ਼ਤੇ,ਨਾ ਸਾਹ ਲੈਣ ਦਿੰਦੇ
ਗ਼ੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ।
ਜ਼ਰਾ ਸਾਹਮਣੇ ਬਹ ਕੇ ਵੇਖਣ ਦੇ ਉਸ ਨੂੰ
ਜੋ ਲੁਕਦਾ ਸੀ, ਉਸ ਕੋਲ ਆਇਆ ਹੋਇਆ ਹਾਂ।