ਭੁੰਨ ਦੇ ਉਹ ਕਲੀਆਂ, ਝਲੂ ਦੇ ਉਹ ਹਾਸੇ,
ਜਿਨ੍ਹਾਂ ਕੋਲੋਂ ਤੁਰ ਗਏ ਨੇ ਭੌਰੇ ਨਿਰਾਸੇ।
ਪਵਣ ਖੂਹ ਦੇ ਵਿਚ ਉਹ ਅੰਮ੍ਰਿਤ ਦੇ ਸੋਮੇ,
ਜਿਨ੍ਹਾਂ ਕੋਲ ਮਰ ਗਏ ਨੇ ਰਾਹੀ ਪਿਆਸੇ ।
ਗ਼ਰਕ ਕਰ ਦੇ ਉਹ ਦੌਲਤਾਂ ਤੇ ਖ਼ਜ਼ਾਨੇ,
ਗਏ ਜਿਥੋਂ ਖ਼ਾਲੀ ਫ਼ਕੀਰਾਂ ਦੇ ਕਾਸੇ ।
ਉਹ ਪਰੀਆਂ ਦੀ ਸੂਰਤ ਨੂੰ ਕੀੜੇ ਨਾ ਚੱਲੇ,
ਸਜਣ ਗਏ ਜੱਗ ਤੋਂ ਜਿਨ੍ਹਾਂ ਦੇ ਉਦਾਸੇ।
ਰਖ ਦੇ ਉਹ ਚੁਲ੍ਹੇ ਤੇ ਤਕੜੀ ਦੇ ਪਲੜੇ,
ਜਿਨ੍ਹਾਂ ਵਿਚ ਨੇ ਤੁਲਦੇ ਛਟਾਕਾਂ ਤੇ ਮਾਸੇ।
ਚੜ੍ਹੀ ਦੁੱਬ ਦੇ ਸੂਰਮੇ ਦੀ ਜਵਾਨੀ,
ਜ਼ੁਲਮ ਪਾਪ ਪਲਦੇ ਜਿਦੇ ਆਸੇ ਪਾਸੇ ।
ਤੂੰ ਉਸ ਘੁੰਡ ਦੇ ਪਰਦੇ ਨੂੰ ਲੀਰਾਂ ਬਣਾ ਦੇ,
ਜਿਦ੍ਹੇ ਵਿਚ ਪਏ ਕੈਦ ਲੱਖਾਂ ਬੇਆਸੇ ।
ਢਹਾ ਦੇ ਉਹ ਮੰਦਰ ਬਣਾ ਦੇ ਉਹ ਮੜ੍ਹੀਆਂ,
ਜਿਨ੍ਹਾਂ ਵਿਚ ਗ਼ਰੀਬਾਂ ਗ਼ੁਲਾਮਾਂ ਦੇ ਵਾਸੋ ।
ਜਿਨ੍ਹਾਂ ਵਿਚ ਮੁਹੱਬਤ ਦਾ ਰੱਤੀ ਨਾ ਚਾਨਣ,
ਉਹ ਛਡ 'ਨੂਰਪੁਰੀਆ', ਦਿਖਾਵੇ ਦਿਲਾਸੇ ।