ਰੁੱਤਾਂ ਫਿਰੀਆਂ, ਗ਼ਮਾਂ 'ਚ ਘਿਰੀਆਂ
ਜਿੰਦੜੀਆਂ ਨਾ ਖਿੜੀਆਂ ਹੋ!
ਝੱਖੜਾਂ ਪਿੱਛੋਂ ਸਾਡੇ ਗਗਨੀਂ
ਸਤਰੰਗੀਆਂ ਨਾ ਚੜ੍ਹੀਆਂ ਹੋ!
ਪੀੜਾਂ-ਵਿੰਨ੍ਹੀ ਹਿੱਕੜੀ ਅੰਦਰ
ਸੁਪਨੇ ਨੇ ਅੱਖ ਪੁੱਟੀ ਨਾ;
ਅੰਗ ਅੰਗ ਚੋਂ ਹੂਕ ਉਠੇਂਦੀ,
ਨੈਣ-ਝਨਾਵਾਂ ਚੜ੍ਹੀਆਂ ਹੋ!
ਇਕ ਦਰ ਰੂਹਾਂ ਦੀ ਭੁੱਖ ਸਹਿਕੇ,
ਇਕ ਦਰ ਭੁੱਖ ਸਰੀਰਾਂ ਦੀ,
ਜਿੰਦ ਡਾਢੀ ਬੇਵੱਸ ਦਿੱਸੇ,
ਗੇਣਵੀਆਂ ਬੱਸ ਘੜੀਆਂ ਹੋ!
ਚੀਸ ਕੋਈ ਲੰਘ ਹਿੱਕੜੀ ਥਾਣੀਂ
ਕੰਬਣੀ ਛੇੜੇ ਯਾਰ ਜਦੋਂ,
ਤਾਂ ਕੀ ਦੱਸਾਂ ਇਹਦੇ ਸਾਹਵੇਂ,
ਕੀ ਕਿਆਮਤ ਦੀਆਂ ਘੜੀਆਂ ਹੋ!
ਤੇਰੇ ਬਿਨਾਂ ਸ਼ਾਂਤੀ ਕਿੱਥੇ
ਕਿੱਥੇ ਚੈਨ ਨਸੀਬਾਂ ਨੂੰ
ਇਕਲਵਾਂਜੇ ਬਹਿ ਬਹਿ ਸੈਆਂ
ਧਰਮ-ਪੁਸਤਕਾਂ ਪੜ੍ਹੀਆਂ ਹੋ!
ਤੈਥੋਂ ਨਿਖੜ ਜਿੰਦੂ ਝੂਰੇ,
ਚੰਨਣਾਂ! ਜੁਗੜੇ ਬੀਤ ਗਏ,
ਉਵੇਂ ਸਖਣੀਆਂ, ਸੈਆਂ ਵਾਰੀ
ਭਾਵੇਂ ਸੱਖਣਾਂ ਭਰੀਆਂ ਹੋ!
ਕਿਥੋਂ ਚੈਨ ਅਧੂਰੀਆਂ ਖੁਸ਼ੀਆਂ
ਦੇਣ, ਤੇ ਭਟਕਣ ਮਿਟੇ ਕਿਵੇਂ,
ਘੜਾ ਹੀ ਕੱਚਾ ਅਜੇ, ਤਾਂ ਕਿੱਦਾਂ
ਜਾਣ ਝਨਾਵਾਂ ਤਰੀਆਂ ਹੋ!
ਜ਼ਿੰਦਗੀ ਦੇ ਮਾਰੂਥਲ ਅੰਦਰ
ਇਕੋ ਮੈਂ ਨਾ ਮੁੱਕ ਰਹੀ,
ਇਥੇ ਤਾਂ ਨਿਤ ਲੱਖਾਂ ਸੱਸੀਆਂ
ਵਿਲਕ ਵਿਲਕ ਕੇ ਮਰੀਆਂ ਹੋ!