ਮੈਂ ਤਾਂ ਹਾਂ ਉਸ ਰੁੱਖ ਦੇ ਵਾਕੁਰ
ਜਿਸ ਦੀ ਤੂਫ਼ਾਨਾਂ ਸੰਗ ਟੱਕਰ
ਝੱਖੜ ਝੁੱਲਦੇ ਜਿੱਥੇ ਰਹਿੰਦੇ
ਪਰ ਉਹ ਰਹੇ ਅਡੋਲ
ਮੇਰਿਆ ਹਾਕਮਾ !
“ਮੈਂ ਤਾਂ ਹਾਂ ਉਸ ਫੁੱਲ ਦੇ ਵਾਕੁਰ
ਜਿਸ ਦੀ ਸ਼ੋਭਾ ਹੋਏ ਘਰ ਘਰ
ਮਹਿਕਾਂ ਪੀ ਮਚਕੋੜੇ ਮੈਨੂੰ
ਮੈਂ ਸੱਕਾਂ ਨਾ ਬੋਲ
ਮੇਰਿਆ ਹਾਕਮਾ !
‘ਜਿਸ ਆਦਮ ਮੇਰਾ ਸੌਦਾ ਕੀਤਾ
ਉਸ ਆਦਮ ਨੇ ਲਹੂ ਹੀ ਪੀਤਾ
ਦਿਲ ਵਿੱਚ ਹਾੜ ਨੈਣ ਵਿੱਚ ਸਾਵਣ
ਮੇਰੇ ਨਾ ਕੁੱਝ ਕੋਲ
ਮੇਰਿਆ ਹਾਕਮਾ !
‘ਮੈਂ ਸਾਵਿਤਰੀ; ਮੈਂ ਹਾਂ ਸੀਤਾ ।
ਮੈਂ ਅਹਿਲਿਆ; ਮੈਂ ਹਾਂ ਰੀਤਾ ।
ਹਰਯੁਗ ਦਾ ਹੀ ਰੂਪ ਬਣਾਕੇ
ਭਰਾਂ ਮੈਂ ਤੇਰੀ ਝੋਲ
ਮੇਰਿਆ ਹਾਕਮਾ !
‘ਜੇ ਤੂੰ ਮੇਰਾ ਜੀਵਨ-ਸਾਥੀ।
ਮੈਂ ਤਾਂ ਫਿਰ ਵੀ ਤੇਰੀ ਦਾਸੀ ।
ਕਦੇ ਨਾ ਮੈਨੂੰ ਤੂੰ ਸਮਝਿਆ।
ਆਪਣਾ ਦਿਲ ਫਰੋਲ
ਮੇਰਿਆ ਹਾਕਮਾ !
‘ਮੈਂ ਕਪਲਾ ਜਿਹੀ ਗਉ ਵੇ ਲੋਕਾ ।
ਦਿਆਂ ਜਗਤ ਨੂੰ ਏਹੋ ਹੋਕਾ ।
ਮੈਂ ਰਚਨਾ ਦੀ ਰਚਨਾ ਬਣਕੇ
ਘੱਟ ਨਾ ਸੱਕਾਂ ਤੋਲ
ਮੇਰਿਆ ਹਾਕਮਾ !
ਜੇ ਮੈਂ ਧੀ ਭੈਣ ਬਣ ਜਾਵਾਂ ।
ਘਾਟੇ ਦੇ ਵਿੱਚ ਰਹਿ ਮੁਸਕਾਵਾਂ ।
ਸ਼ਿਕਵੇ ਕਰਨੇ ਮੁਸ਼ਕਲ ਡਾਢੇ
ਸੱਕਾਂ ਨਾ ਘੁੰਡੀ ਖੋਲ
ਮੇਰਿਆ ਹਾਕਮਾ !
ਜੇ ਮੈਂ ਬਸ ਪਤਨੀ ਹੀ ਹੋਵਾਂ ।
ਲੈ ਸਭ ਹੱਕ ਫੇਰ ਵੀ ਰੋਵਾਂ ।
ਗ਼ਮ ਦੇ ਫੱਕੇ ਮਾਰ ਮਾਰ ਕੇ
ਤੜਪ ਕਰਾਂ ਮੈਂ ਘੋਲ
ਮੇਰਿਆ ਹਾਕਮਾ !
ਚਾਹਾਂ ! ਉਹ ਬਹਾਰਾਂ ਆਵਣ।
ਜਿਸ ਵਿੱਚ ਕਲੀਆਂ ਫੱਲ ਮੁਸਕਾਵਣ ।
ਮਹਿਕਾਂ ਦਾ ਵਣਜਾਰਾ ਆ ਕੇ
ਕਹੇ ਪਿਆਰ ਦੇ ਬੋਲ
ਮੇਰਿਆ ਹਾਕਮਾ !
ਚਾਹਾਂ ! ਮੈਂ ਚੰਡੀ ਬਣ ਜਾਵਾਂ |
ਗ਼ਮ ਦੇ ਝੱਖੜ ਖ਼ਤਮ ਕਰਾਵਾਂ ।
ਰਾਵਣ ਦੀ ਤਾਸੀਰ ਬਦਲ ਕੇ
ਰਾਮ ਸਦਾਵਾਂ ਕੋਲ
ਮੇਰਿਆ ਹਾਕਮਾ !