ਕੱਚ ਮੇਰੇ ਗਲ ਲਟਕੇ,
ਨੀਂ ਮੈਂ ਹੀਰਾ ਸਮਝ ਸੰਭਾਲਾਂ।
ਤੋੜੀਂ ਨਾ ਭੁਲੇਖਾ ਹੀਰਿਆਂ,
ਮੱਤ ਕੱਚ ਵੀ ਹੱਥੋਂ ਗੁਆ ਲਾਂ।
ਮਿੱਟੀ ਵਿੱਚੋਂ ਕੱਚ ਲੱਭਿਆ,
ਅਸਾਂ ਸੱਚ ਕਰ ਸੀਨੇ ਲਾਇਆ।
ਕੱਚ ਸਾਡੇ ਅੰਗ ਪੁੜਿਆ,
ਅਸਾਂ ਦਰਦ ਨਾ ਰਤਾ ਮਨਾਇਆ।
ਕੱਚੜੀਆਂ ਪੀੜਾਂ ਨੂੰ,
ਪਈ ਮੁੜ ਮੁੜ ਅੰਗ ਜਿਵਾਲਾਂ ।
ਹੱਥੋਂ ਮੇਰੇ ਕੱਚ ਡਿੱਗਿਆ,
ਨੀਂ ਉਹ ਹੋ ਗਿਆ ਚੀਨਾ ਚੀਨਾ।
ਜਿੱਥੇ ਮੇਰਾ ਕੱਚ ਟੁੱਟਿਆ,
ਓਥੇ ਧਰਤੀ ਦਾ ਦੁਖਿਆ ਸੀਨਾ।
ਕੱਚ ਦੀਆਂ ਅਣੀਆਂ 'ਤੇ,
ਦੋ ਕਣੀਆਂ ਦੀ ਛਹਿਬਰ ਲਾ ਲਾਂ।
ਗਲੋਂ ਮੇਰੇ ਕੱਚ ਖੁੱਸਿਆ,
ਮੈਨੂੰ ਗੱਲ ਨਾ ਕੋਈ ਸੁਖਾਵੇ।
ਜਿਥੇ ਮੇਰਾ ਕੱਚ ਲੱਸਿਆ,
ਓਥੋਂ ਰੜਕ ਅਜੇ ਨਾ ਜਾਵੇ।
ਸੀਨੇ ਦੀ ਸੰਦੂਕ਼ੜੀ 'ਚ,
ਇਹਨਾਂ ਰੜਕਾਂ ਦੀ ਕਸਕ ਸੰਭਾਲਾਂ।
ਕੱਚ ਵਿੱਚੋਂ ਨਗ ਘੜਿਆ,
ਅਸਾਂ ਧਾਰ ਨਜ਼ਰ ਦੀ ਲਾ ਕੇ।
ਨਗ ਵਿਚ ਨੂਰ ਅੰਗਿਆ,
ਕਿਸੇ ਅੱਥਰੂ 'ਚੋਂ ਆਬ ਚੁਰਾ ਕੇ।
ਹੀਰਿਆਂ ਦੀ ਅੱਖ ਨਾ ਉੱਠੇ,
ਜੇ ਇਹ ਜਿੰਦੜੀ 'ਚ ਨਗ ਜੜਵਾ ਲਾਂ।
ਕੱਚ ਮੇਰੇ ਗਲ ਲਟਕੇ,
ਨੀਂ ਮੈਂ ਹੀਰਾ ਸਮਝ ਸੰਭਾਲਾਂ।