ਗ਼ਮਾਂ ਦੇ ਸ਼ਾਹ ਹਨੇਰੇ 'ਤੇ
ਕੋਈ ਚਾਨਣ ਜਿਹਾ ਸਰਕੇ
ਪਵੇ ਝਾਉਲਾ ਜਿਹਾ ਮੈਨੂੰ
ਜਿਵੇਂ ਮੈਂ ਵੇਖਿਆ ਤੈਨੂੰ :
ਤੇਰੀ ਝੂਠਲ ਤਿਊਰੀ 'ਚੋਂ,
ਜਿਵੇਂ ਅੱਖ ਮੁਸਕਰਾਈ ਏ,
ਭੁਲੇਖਾ ਹੀ ਪਿਆ ਮੈਨੂੰ,
ਕਿ ਤੇਰੀ ਯਾਦ ਆਈ ਏ !?
ਜਦੋਂ ਬਿਨ ਕਾਰਨੋਂ ਕੋਈ
ਕਦੇ ਹਉਕਾ ਜਿਹਾ ਨਿਕਲੇ,
ਦਿਲੇ ਦੀ ਚੁੱਪ ਦੇ ਵਿਚੋਂ
ਕਿਤੋਂ ਧੜਕਣ ਜਹੀ ਬੋਲੇ :
‘ਤੇਰੀ ਠੰਡੀ ਹਵਾ ਆਵੇ,
ਪੀਆ ਤੇਰੀ ਬਲਾ ਡੋਲੇ !
ਇਹ ਮੇਰੇ ਕੰਨ ਵੱਜੇ ਨੇ
ਕਿ ਤੇਰੀ ਯਾਦ ਆਈ ਏ ?!
ਕਿਸੇ ਨੇ ਹੱਥ ਮੋਢੇ 'ਤੇ
ਜਿਵੇਂ ਲਾ ਕੇ ਕਿਹਾ ਹੋਵੇ :
ਵੇ ਅੜਿਆ ਵੇਖ ਲੱਖਾਂ 'ਚੋਂ
ਲਿਆ ਪਹਿਚਾਣ ਮੈਂ ਤੈਨੂੰ !
ਹੈ ਲੂੰ ਲੂੰ ਅੱਖੀਆ ਹੋਇਆ, ਇਹ ਕੇਹੀ ਜਾਗ ਆਈ ਏ !
ਇਹ ਮੇਰੀ ਅੱਖ ਹੀ ਥਿੜਕੀ, ਕਿ ਤੇਰੀ ਯਾਦ ਆਈ ਏ ! ?