ਸੰਜੋਗ ਗੀਤ

ਹੋਈ ਸੰਧਿਆ ਜੁੜ ਗਏ

ਰਾਤ ਦਿਹੁੰ ਦੇ ਬੁਲ੍ਹ ਵੇ।

ਗਏ ਪੱਛਮ ਦੇ ਮੱਟ ਵਿਚ

ਰੰਗ ਹਜ਼ਾਰਾਂ ਘੁੱਲ ਵੇ

ਵਿਛੇ ਹਨੇਰੇ ਧਰਤ ਤੇ

ਗਈ ਕਥੂਰੀ ਹੁੱਲ ਵੇ।

ਰਾਤ ਬਣੀ ਅਭੀਸਾਰਿਆ

ਪਾ ਤਾਰਿਆਂ ਦਾ ਜੁਲ ਵੇ।

ਸੁੱਤੇ ਜਜ਼ਬੇ ਉੱਭਰੇ

ਵਾਂਗ ਹਨੇਰੀਆਂ ਝੁੱਲ ਵੇ।

ਗਲ ਲਗ ਪ੍ਰੀਤਾਂ ਹੁੰਨੀਆਂ

ਪਈ ਮੋਤੀਆਂ ਦੀ ਰੁਲ ਵੇ।

ਹਥ ਵਿਚ ਹੱਥ ਪਰੀਤ ਦੇ

ਕੰਬਣ ਉਂਗਲਾਂ ਦੇ ਰੁੱਲ ਵੇ।

ਧੜਕਣ ਸੀਨੇ ਓਦਰੇ

ਸੇਕ ਛਡਣ ਪਏ ਗੁੱਲ ਵੇ।

ਬੇਬਸ ਹੋਈਆਂ ਹੋਣੀਆਂ

ਗ਼ਮ ਬੀਤੇ ਦੇ ਭੁੱਲ ਵੇ।

ਦੋ ਦਿਲ ਰਲ ਦਰਿਆ ਬਣੇ

ਕੀ ਕਰਨ ਸ਼ਰਹ ਦੇ ਪੁੱਲ ਵੇ

ਭੇਦ ਇਸ਼ਕ ਤੇ ਹੁਸਨ ਦੇ

ਗਏ ਜਹਾਨੀਂ ਖੁੱਲ੍ਹ ਵੇ।

ਹਉਕਾ ਭਰਿਆ ਧਰਤ ਨੇ

ਪ੍ਰੀਤ ਨਾ ਵਿਕਦੀ ਮੁੱਲ ਵੇ।