ਅੰਬਰ ਉਮੀਦ ਰੰਗੇ
ਧੜਕਣ ਮੁਰਾਦ ਮੰਗੇ
ਕੁਝ ਕਹਿਣ ਤੋਂ ਵੀ ਸੰਗੇ
ਰੁੱਤਾਂ ਲੰਘ ਜਾਣੀਆਂ
ਓ ਮੇਰੇ ਯਾਰ ਹਾਣੀਆ...
ਇਹ ਸ਼ਾਮ ਇਹ ਸਵੇਰਾ
ਵਾਕਫ਼ ਬਣੇ ਨਾ ਮੇਰਾ
ਹੈ ਅਜਨਬੀ ਚੁਫੇਰਾ
ਖੁਲ੍ਹਾ ਬੇਪਛਾਣੀਆਂ
ਓ ਮੇਰੇ ਯਾਰ ਹਾਣੀਆ...
ਧੜਕੀ ਹੈ ਉਮਰ ਸਾਰੀ
ਰੁੱਤਾਂ ਦੀ ਇਹ ਖ਼ੁਮਾਰੀ
ਚਾਹੁੰਦੀ ਹੈ ਰਾਜ਼ਦਾਰੀ
ਚੁੱਪਾਂ ਕਿੰਝ ਤਾਣੀਆਂ
ਓ ਮੇਰੇ ਯਾਰ ਹਾਣੀਆ...
ਸੀਨਾ ਫ਼ਿਰਾਕ ਤਾਵੇ
ਰੀਝਾਂ ਦੇ ਰੁੱਖ ਸਾਵੇ
ਕਿੱਥੇ ਕੋਈ ਉਗਾਵੇ
ਸੁੱਕੀ ਜਾਣ ਡਾਹਣੀਆਂ
ਓ ਮੇਰੇ ਯਾਰ ਹਾਣੀਆ...
ਰੋਸ਼ਨ ਖ਼ਿਆਲ ਕਰ ਕੇ
ਨਜ਼ਰਾਂ 'ਚ ਨੂਰ ਭਰ ਕੇ
ਸੋਚਾਂ ਦੀ ਪੀੜ ਹਰ ਕੇ
ਲੰਘੀ ਜਾਣ ਢਾਣੀਆਂ
ਓ ਮੇਰੇ ਯਾਰ ਹਾਣੀਆ....