ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆ ਹੈ ਕੇਹੀ ਗੱਲ ਸ਼ਰੇਆਮ ਕਹੇ।
ਖੇਤਾਂ ਵਿਚ ਚਰੀਆਂ ਦੇ ਦੰਬੇ ਮੁੱਕਿਆਂ ਵਾਂਗੂੰ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ ਜੂਝਣ ਦਾ ਪੈਗਾਮ ਕਹੇ।
ਤੂੰਬਾ ਤੂੰਬਾ ਸੂਹੇ ਬੱਦਲ ਰੋਹਲੇ ਅੱਖਰ ਬਣੇ ਪਏ
ਲੋਕ-ਯੁੱਧ ਅੰਬਰ ਵਿਚ ਛੁਪਿਆ, ਕ੍ਰਾਂਤੀ ਦਾ ਐਲਾਨ ਕਹੇ।
ਚਿੜੀਆਂ ਦਾ ਝੁੰਡ ਅੱਥਰਾ ਹੋਇਆ, ਝਪਟ ਝਪਟ ਕੇ ਮੁੜ ਜਾਵੇ
ਦੱਸੋ ਜਾਚ ਗੁਰੀਲਾ ਯੁੱਧ ਦੀ, ਯੋਧਿਆਂ ਨੂੰ ਪ੍ਰਣਾਮ ਕਹੇ।
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ, ਨਹੀਂ ਤਾਂ ਸਭ ਕੁਝ ਚੱਲਿਆ ਜੇ
ਤੜਕਾ ਆਖੇ ਤਕੜੇ ਹੋਵੋ ਮੁੜ ਉੱਠਣ ਲਈ ਸ਼ਾਮ ਕਹੇ।
ਜ਼ਰਾ ਜ਼ੱਰਾ ਕੂਕ ਰਿਹਾ ਹੈ ਕਵੀਆਂ ਦਾ ਕੋਈ ਦੋਸ਼ ਨਹੀਂ
ਕਵੀ ਤਾਂ ਸਿੱਧੇ ਸਾਦੇ ਹੁੰਦੇ ਲਿਖਦੇ ਜੋ ਸੰਗ੍ਰਾਮ ਕਹੇ।