ਇਕ

ਗ਼ਜ਼ਬ ਹੈ ਆਪਣੇ ਮੈਂ ਇਸ਼ਕ਼ ਤੇ ਇਤਬਾਰ ਕਰ ਬੈਠਾ,

ਮੈਂ ਆਪਣਾ ਆਪ ਕ਼ਾਤਿਲ ਆਪਣੇ ਤੇ ਵਾਰ ਕਰ ਬੈਠਾ

ਤਸੱਲੀ ਸੀ ਜਵਾਨੀ ਨੂੰ ਕਿ ਮੇਰਾ ਰੱਬ ਨਹੀਂ ਕੋਈ,

ਗੁਨਾਹ ਕਰ ਕੇ ਖ਼ੁਦਾ ਦੇ ਸਾਹਮਣੇ ਇਨਕਾਰ ਕਰ ਬੈਠਾ।

ਜ਼ਰਾ ਦੋਜ਼ਖ਼ 'ਚੋਂ ਜਾਂਦੇ ਜਾਂਦੇ ਮੈਨੂੰ ਮਿਲ ਤੇ ਜਾਵਣ ਦੇ,

ਗੁਨਾਹਗਾਰਾਂ ਦੀ ਦੁਨੀਆਂ ਨਾਲ ਹਾਂ ਮੈਂ ਪਿਆਰ ਕਰ ਬੈਠਾ।

ਖ਼ਬਰ ਨਹੀਂ ਰਬ ਦੇ ਮੈਖ਼ਾਨੇ 'ਚ ਹੋਵੇ ਰਿੰਦ ਕੋਈ ਪੀਂਦਾ,

ਮੈਂ ਖੋਹ ਕੇ ਪੀ ਲਵਾਂ ਤੇ ਕਹ ਦਿਆਂ ਕੀ ਯਾਰ ਕਰ ਬੈਠਾ

ਤੇਰੇ ਉੱਡਦੇ ਹੋਏ ਘੁੰਗਟ 'ਚੋਂ ਤੇਰੀ ਸ਼ਕਲ ਵੇਖੀ ਏ,

ਗੁਨਾਹ ਹੋਇਆ ਕੀ ਮੈਥੋਂ ਜੇ ਤੇਰੇ ਦੀਦਾਰ ਕਰ ਬੈਠਾ।

ਮੇਰੇ ਅਮਲਾਂ ਦੀ ਫੱਟੀ ਤੇ ਗੁਨਾਹ ਇਕ ਹੋਰ ਲਿਖ ਦੇਵੋ,

ਕਿ ਪੀ ਕੇ ਪੰਡਤਾਂ ਦੇ ਨਾਲ ਹਾਂ ਤਕਰਾਰ ਕਰ ਬੈਠਾ

ਤੇਰੀ ਜੱਨਤ 'ਚ ਸੁਣਿਆਂ ਮਿਲਣੀਆਂ ਹੂਰਾਂ ਨੇ ਬੰਦੇ ਨੂੰ,

ਸਜ਼ਾ ਦੇਵੇਗਾ ਕੀ ਜੇ ਨਜ਼ਰ ਦਾ ਕੋਈ ਵਾਰ ਕਰ ਬੈਠਾ

ਬਖ਼ਸ਼ ਦੇਵੇਂ ਤੇ ਕੁਝ ਘਟਣਾ ਨਹੀਂ ਤੇਰੀ ਰਹਮਤ ਦਾ,

ਭਰੋਸੇ ਤੇਰੀ ਰਹਮਤ ਦੇ ਗੁਨਾਹ ਦੋ ਚਾਰ ਕਰ ਬੈਠਾ।

ਸ੍ਰੋਤ

ਕਿਤਾਬ ਦਾ ਨਾਂ: ਨੰਦਲਾਲ ਨੂਰਪੁਰੀ ਕਾਵਿ ਸੰਗ੍ਰਹਿ
ਸੰਪਾਦਕ: ਪ੍ਰੋਫ਼ੈਸਰ ਮੋਹਨ ਸਿੰਘ
ਛਾਪਣਹਾਰ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
Year: 1987
ਛਪਾਈ: second