ਕਾਫ਼ੀਆਂ

ਆੳ ਮਿਲੋ ਸਹੇਲੀੳ ਰਲਿ ਮਸਲਤਿ ਕਰੀਏ।

ਭਖਿ ਸਮੁੰਦੁ ਅਥਾਹੁ ਹੈ ਕਹੁ ਕਿਸ ਬਿਧੁ ਤਰੀਏ।

ਪੀਰੋ ਨਾਮੁ ਜਹਾਜੁ ਹੈ ਗੁਰ ਖੇਵਟੁ ਮੇਰਾ।

ਪਉਣਿ ਪ੍ਰੇਮੁ ਮੁਚਲਾਸੀ ਪਾਰਿ ਹੋਸੀ ਡੇਰਾ।੧।

ਪੀਰੋ ਬੰਦੀਏ ਜਾਗ ਲੈ ਕਿਉਂ ਨੀਂਦੇ ਸੋਈ।

ਸਿਰ ਦਾ ਸਾਈਂ ਵਿਸਾਰਿ ਕੇ ਕਿਉਂ ਗਾਫਲੁ ਹੋਈ।

ਲੇਖਾ ਦੇਣਾ ਆਊਗਾ ਫਿਰਿ ਅਉਖੀ ਹੋਸੇਂ।

ਵਤਿ ਨਾ ਕਿਸੇ ਛੁਡਾਵਣਾ ਭਰਿ ਹੰਝੂ ਰੋਸੇਂ।੨।

ਪੀਰੋ ਬੰਦੀਏ ਜਾਗ ਲੈ ਹੁਣ ਜਾਗਿਣ ਕੀ ਵੇਲਾ।

ਏਸੇ ਜਨਮ ਮਿਲਾਵੜਾ ਫਿਰਿ ਹੋਇ ਨਾ ਮੇਲਾ।

ਸਭ ਦੂੰ ਨੇੜੇ ਸਾਈਂ ਸੀ ਮੈਂ ਪਾਇ ਨਾ ਲੀਤਾ।

ਸੋਹੰ ਨਾਮ ਪੁਕਾਰਦਾ ਮੈਂ ਚਿਤੁ ਨਾ ਕੀਤਾ। ੩।

ਸਾਈਂ ਮੇਰਾ ਅਜਾਤਿ ਹੈ ਨਾ ਹਿੰਦੂ ਤੁਰਕਾ।

ਜਨਮ ਮਰਨ ਤੇ ਬਾਹਿਰਾ ਨਾ ਨਾਰੀ ਪੁਰਖਾ।

ਹਦਾਂ ਪਰ੍ਹੇ ਬੇਹਦ ਹੈ ਨਹੀਂ ਹਦਾਂ ਮਾਂਹੀ।

ਪੀਰੋ ਗੁਰੂ ਦਿਖਾਵਸੀ ਐਊਂ ਦੇਖੋ ਨਾਹੀਂ।੪।

ਪੀਰੋ ਸਾਈਂ ਮਜੂਦਿ ਹੈ ਸੋ ਸਭਨੀ ਥਾਈਂ।

ਮੈਂ ਬਿਨਾ ਨਾ ਉਹ ਸੀ, ਉਹ ਮੈਂ ਬਿਨ ਨਾਹੀਂ।

ਨਾ ਕਹੀਂ ਤੇ ਵਿਛੜਾਂ ਨਾ ਕਰਸਾਂ ਮੇਲਾ।

ਖ਼ਾਬ ਜਿਵੇਂ ਸਭ ਜਾਣਿਆ ਆਪੇ ਗੁਰ ਚੇਲਾ। ੫।

ਸ੍ਰੋਤ

ਕਿਤਾਬ ਦਾ ਨਾਂ: ਪੰਜਾਬੀ ਨਾਰੀ ਕਾਵਿ
ਸੰਪਾਦਕ: ਡਾ.ਵਨੀਤਾ
ਛਾਪਣਹਾਰ: ਨੈਸ਼ਨਲ ਬੁੱਕ ਟਰਸਟ , ਇੰਡੀਆ
Year: 2018
ਛਪਾਈ: Second