ਕਾਫ਼ੀਆਂ

ਪੀਰੋ ਸੋਹੰ ਜਾਨ ਕੇ ਸੋਹੰ ਸੋ ਹੋਈ।

ਅਨੇਕ ਰੂਪ ਮੈਂ ਸੁਪਨਿ ਜਿਉਂ ਨਾ ਦੂਸੁਰੁ ਕੋਈ।

ਸਰਬ ਰੂਪ ਮੋਹਿ ਜਾਨੀੳ ਜਿਉਂ ਨੀਰੁ ਤਿਰੰਗੇ।

ਬਪੁ ਹਮਾਰਾ ਜਗਤੁ ਹੈ ਔਹੁ ਰੂਪ ਸਭ ਅੰਗੇ।੧੬।

ਪੀਰੋ ਸਾਈਂ ਮੈਂ ਮਿਲਾ ਗੁਲਾਬ ਦਾਸੁ ਫ਼ਕੀਰ।

ਹਿੰਦੂਆਂ ਗੁਰੂ ਜਾਨੀਏ ਮੁਸਲਿਮਾਨੁ ਕਾ ਪੀਰੁ।

ਸੂਰਜਿ ਸਮ ਪ੍ਰਕਾਸਿਆ ਸੋ ਸਤਿਗੁਰੁ ਮੇਰਾ।

ਜਾਣਿ ਨਿ ਕੋਈ ਸਕਿਦਾ ਆਗਿਆਨੁ ਹਨੇਰਾ।੧੭।

ਪੀਰੋ ਪੀ ਪਿਅਲਿੜਾ ਮਤਿਵਾਰੀ ਹੋਈ।

ਸੋਹੰ ਨਾਮੁ ਪੁਕਾਰਿਦਾ ਨਹੀਂ ਦੂਸਰੁ ਕੋਈ।

ਸਾਈਂ ਮੇਰਾ ਭਿੰਨ ਨਾ ਮੈਂ ਪਾਵਾਂ ਕਿਸ ਕੋ।

ਸੋਹੰ ਨਾਮੁ ਪੁਕਾਰਿਦਾ ਮੈਂ ਜਾਨਿੳ ਤਿਸ ਕੋ। ੧੮।

ਪੀਰੋ ਨਾਲ ਕੁਚਜੀਆਂ ਮੈਂ ਚਜੁ ਨਿ ਲੀਤਾ।

ਵੇਲਾ ਪਿਛੇ ਵੀਤ ਗਿਆ ਮੈਂ ਕੁਝ ਨਿ ਕੀਤਾ।

ਮੈਂ ੳੜਕ ਵੇਲਾ ਵੇਖਿ ਕੇ ਹੁਣਿ ਪਛੋਤਾਣੀ।

ਹੀਰਾ ਮੇਰਾ ਜਨਮੁ ਸੀ ਮੈਂ ਕਦਰ ਨਿ ਜਾਣੀ। ੧੯

ਪੀਰੋ ਕਹੇ ਸਹੇਲੀੳ ਸਹੁ ਦੇਖੋ ਮੇਰਾ।

ਦੂਰਿ ਕਰੇਂਦਾ ਬੋਲ ਨਾਲਿ ਚੁਰਾਸੀ ਫੇਰਾ।

ਸੰਕਲਪੇ ਮਾਰਿ ਜੀਵਾਲਦਾ ਨਾ ਖੇਚਿਲਿ ਕਰਦਾ।

ਕਰੇ ਪਵਿਤ੍ਰ ਦਿਸਟਿ ਨਾਲਿ ਨਾ ਜਨਮੇ ਮਰਦਾ। ੨੦।

ਸ੍ਰੋਤ

ਕਿਤਾਬ ਦਾ ਨਾਂ: ਪੰਜਾਬੀ ਨਾਰੀ ਕਾਵਿ
ਸੰਪਾਦਕ: ਡਾ.ਵਨੀਤਾ
ਛਾਪਣਹਾਰ: ਨੈਸ਼ਨਲ ਬੁਕ ਟਰੱਸਟ, ਇੰਡੀਆ
Year: 2018
ਛਪਾਈ: Second