ਵਾਰੀ ਜਾਈਏ ਫ਼ਰਸ਼ ਦਿਆ ਚੰਨਾ! ਤੇਰੇ ਨਾਂ ਉੱਤੋਂ,
ਜ਼ੱਰਾ-ਜ਼ੱਰਾ ਤੇਰਾ ਸਾਨੂੰ ਅਰਸ਼ ਦਾ ਸਿਤਾਰਾ ਏ।
ਸਾਡੇ ਨੈਣਾਂ ਵਿਚ ਵਸੇ 'ਰਾਵੀ' ਤੇ 'ਝਨਾਂ' ਤੇਰੀ,
ਤੇਰਾ ਹੀ ‘ਬੇਆਸ' ਸਾਡੀ ਆਸ ਦਾ ਕਿਨਾਰਾ ਏ।
ਤੇਰੀਆਂ ਉਜਾੜਾਂ ਉਤੋਂ ਵਸੋਂ ਸਾਰੀ ਵਾਰ ਦੇਈਏ,
ਤੇਰਾ ਢੱਠਾ ਖੋਲਾ ਸਾਨੂੰ ਜਾਨ ਦਾ ਸਹਾਰਾ ਏ।
ਸਦੀ ਬੀਤ ਗਈ ਏ ਮੁਸੀਬਤਾਂ ਸਹਾਰਦਿਆਂ,
ਅਜੇ ਤੀਕ ਤਾਂ ਵੀ ਤੇਰਾ ਜੋਬਨ ਕਵਾਰਾ ਏ।
ਭੌਰ ਅਸੀਂ ਤੇਰੀਆਂ ਫੁਲਾਹੀਆਂ ਕੰਡਿਆਲੀਆਂ ਦੇ,
ਜਿਨ੍ਹਾਂ ਵਿਚ ਬੰਦ ਗਈਆਂ ਬਾਗ਼ਾਂ ਦਾ ਨਜ਼ਾਰਾ ਏ।
ਅੱਖਾਂ ਉੱਤੇ ਚੁੱਕੀਏ ਕਰੀਰਾਂ ਦਿਆਂ ਡੇਲਿਆਂ ਨੂੰ,
ਕਾਨਿਆਂ ਦਾ ਬੂਰ ਸਾਨੂੰ ਜਿੰਦ ਤੋਂ ਪਿਆਰਾ ਏ।
ਤੇਰੇ ਖੰਡਰਾਤ ਜਿਹੜੇ ਬੁੱਤ ਪਏ ਜਾਪਦੇ ਨੇ,
ਏਨ੍ਹਾਂ ਵਿਚ ਸੈਂਕੜੇ, ਹਜ਼ਾਰਾਂ ਰੂਹਾਂ ਬੰਦ ਨੇ।
ਛਾਇਆ ਏ ਅਨ੍ਹੇਰਾ ਜਿਨ੍ਹਾਂ ਢੱਠੇ ਹੋਏ ਭੋਰਿਆਂ 'ਚ,
ਇਨ੍ਹਾਂ ਵਿਚ ਲੁਕੇ ਕਈ ਚੌਧਵੀਂ ਦੇ ਚੰਦ ਨੇ।
ਹੀਰਿਆਂ ਤੋਂ ਮਹਿੰਗਾ ਸਾਡਾ ਪੰਨਾ ਇਤਿਹਾਸ ਦਾ ਏ,
ਹੋਏ ਜਿੱਥੇ 'ਮਨੀ ਸਿੰਘ' ਜੀ ਦੇ ਬੰਦ-ਬੰਦ ਨੇ।
ਜੂਹ 'ਚਮਕੌਰ' ਦੀ 'ਚ ਵੱਸਦੀ ਏ ਰੂਹ ਸਾਡੀ,
ਸੀਨੇ 'ਚ ਛੁਪਾਏ ਸਾਡੇ ਦਿਲ 'ਸਰਹੰਦ' ਨੇ।
ਹੱਸ ਹੱਸ ਜੋਤ ਜਿੱਥੇ ਦਿਲਾਂ ਦੀ ਬੁਝਾਈ ਗਈ,
ਆਸ਼ਕਾਂ ਦੀ ਜ਼ਿੰਦਗੀ ਦਾ ਚਾਨਣ ਮੁਨਾਰਾ ਏ।
'ਬਿੰਦ੍ਰਾ ਬਨ' ਸਾਡਾ 'ਤਲਵੰਡੀ' ਦੀਆਂ ਝਾੜੀਆਂ ਨੇ,
'ਮੱਕਾ' ਤੇ 'ਮਦੀਨਾ' ਹਰੀ-ਮੰਦਰ ਪਿਆਰਾ ਏ।
ਰੱਤ ਜਿੱਥੇ ਡੁੱਲ੍ਹੀ 'ਦਸਮੇਸ਼' ਜੀ ਦੇ ਹੀਰਿਆਂ ਦੀ,
ਵਹਿਣ 'ਸਤਲੁਜ' ਦੇ ਉਹ ਅਜੇ ਤੀਕ ਲਾਲ ਨੇ।
ਲੱਭਦੇ ਨੇ ਜਿਹੜੇ ਕਿਸੇ 'ਮਾਹੀ' ਰੰਗ-ਰੱਤੜੇ ਨੂੰ,
ਰਾਵੀ ਦੀਆਂ ਲਹਿਰਾਂ ਸਾਡੇ ਦਿਲਾਂ ਦੇ ਉਬਾਲ ਨੇ।
‘ਮੁਦਕੀ', 'ਫ਼ਿਰੋਜ਼ਪੁਰ’ ਸਦਾ ਸਾਨੂੰ ਯਾਦ ਰਹਿੰਦੇ,
ਜਾਂਦੇ ਨਾ ਵਿਸਾਰੇ ‘ਗੁਜਰਾਤ' 'ਅਲੀਵਾਲ' ਨੇ।
ਸ੍ਵਰਗ ਵਾਰ ਦੇਈਏ ਓਸ ਬਾਗ਼ ਦਿਆਂ ਕੰਡਿਆਂ ਤੋਂ,
ਜਿਹਦੇ ਫੁੱਲਾਂ ਉੱਤੇ ਚੋਇਆ ਖ਼ੂਨ 'ਪ੍ਰਿਥੀਪਾਲ' ਨੇ।
ਖੇਡਦੇ ਰਹੇ ਭੌਰ ਜਿੱਥੇ ਨਾਲ ਅੰਗਿਆਰਿਆਂ ਦੇ,
ਲਹੂ ਗਰਮਾਂਦਾ ਓਸ ਭੱਠੀ ਦਾ ਨਜ਼ਾਰਾ ਏ।
ਤੇਰੇ ਚੱਪੇ ਚੱਪੇ ਨਾਲ ਖ਼ੂਨ ਦੀ ਹੈ ਸਾਂਝ ਸਾਡੀ,
ਚੱਪਾ ਚੱਪਾ ਤਾਹੀਉਂ ਤੇਰਾ ਲੱਗਦਾ ਪਿਆਰਾ ਏ।
ਮਰ ਕੇ ਵੀ ਤੇਰੇ ਨਾਲੋਂ ਸਾਂਝ ਸਾਡੀ ਟੁੱਟਣੀ ਨਹੀਂ,
ਭੁੱਲਣਾ ਨ ਕਦੀ ਤੇਰੀ ਪ੍ਰੀਤ ਦਾ ਤਰਾਨਾ ਏਂ।
ਲਟ ਲਟ ਲਾਟ ਰਹਿਣੀ ਬਲਦੀ ਪਿਆਰ ਵਾਲੀ,
ਬਣੇ ਰਹਿਣਾ ਰੂਹ ਨੇ ਸਦਾ ਤੇਰਾ ਪ੍ਰਵਾਨਾ ਏਂ।
ਬਣੇ ਜੇ ਪੰਖੇਰੂ ਤੇਰੇ ਚੁਣ ਚੁਣ ਤੀਲਿਆਂ ਨੂੰ,
ਤੇਰੇ ਰੁੱਖਾਂ ਵਿਚ ਹੀ ਬਣਾਉਣਾ ਆਸ਼ਿਆਨਾ ਏਂ।
ਅਜ਼ਲਾਂ ਦੇ ਪਏ ਹੋਏ ਪਿਆਰ ਕਦੀ ਟੁੱਟਦੇ ਨਹੀਂ,
ਕਿਹੜੀ ਗੱਲ ਉੱਤੇ ਭੁੱਲ ਗਿਆ ਇਹ ਜ਼ਮਾਨਾ ਏਂ।
ਘੱਟ ਨ 'ਹੁਮਾਓਂ' ਸਾਨੂੰ ਸਾਇਆ ਤੇਰੇ ਪੰਛੀਆਂ ਦਾ,
ਚਮਕ ਟਟੈਹਣਿਆਂ ਦੀ ਸ੍ਵਰਗ ਦਾ ਨਜ਼ਾਰਾ ਏ।
ਪਤਾ ਨਹੀਂ ਕੀ ਜਾਦੂ ਤੇਰੇ ਜੰਗਲਾਂ, ਮੈਦਾਨਾਂ ਵਿਚ,
ਜ਼ੱਰਾ-ਜ਼ੱਰਾ ਮੱਲੋ ਮੱਲੀ ਲੱਗਦਾ ਪਿਆਰਾ ਏ।
ਅੱਜ ਤੇਰਾ ਹੱਸ ਕੇ ਵੀ ਬੋਲਣਾ ਗਵਾਚ ਗਿਆ,
ਕਦੀ ਤੇਰੀ ਗੋਦੀ ਵਿਚ ਮੌਜਾਂ ਤੇ ਬਹਾਰਾਂ ਸੀ।
ਕਿਤੇ ਛਣਕਾਰ ਹੈਸੀ ਵੰਗਾਂ ਅਤੇ ਚੂੜਿਆਂ ਦੀ,
ਕਿਧਰੇ ਮਧਾਣੀਆਂ ਨੇ ਪਾਈਆਂ ਘੁਮਘਾਰਾਂ ਸੀ।
'ਇੰਦਰਾ ਪੁਰੀ' ਤੋਂ ਵੱਧ ਤੇਜ ਤੇਰਾ ਜਾਪਦਾ ਸੀ,
ਪਿਪਲਾਂ ਦੇ ਨਾਲ ਪੀਂਘਾਂ ਪਾਈਆਂ ਮੁਟਿਆਰਾਂ ਸੀ।
ਤੇਰੇ ਨਾਲੋਂ ਖੁੱਲ੍ਹੇ ਦਿਲ ਤੇਰਿਆਂ ਜਵਾਨਾਂ ਦੇ ਸੀ,
ਵਹਿਣ ਰੋਕ ਦਿੱਤੇ ਜਿਧਰ ਮੋੜੀਆਂ ਮੁਹਾਰਾਂ ਸੀ।
ਕਿੱਥੇ ਤੇਰੀ ਬੀਰਤਾ ਉਹ, ਕਿੱਥੇ ਤੇਰੀ ਸਾਦਗੀ ਉਹ,
ਕਿੱਥੇ ਤੇਰਾ ਤੇਜ, ਕਿੱਥੇ ਤੇਰਾ ਉਹ ਸਿਤਾਰਾ ਏ।
ਕਿੱਥੇ ਉਹ ਆਬਾਦੀ ਤੇਰੀ, ਕਿੱਥੇ ਉਹ ਆਜ਼ਾਦੀ ਤੇਰੀ ?
ਕਿੱਥੇ ਗਈਆਂ ਪੀਂਘਾਂ, ਕਿੱਥੇ ਪ੍ਰੇਮ ਦਾ ਹੁਲਾਰਾ ਏ?
ਡਿੱਗੇ ਹੰਝੂ ਵਾਂਗ ਅੱਜ ਹੋ ਗਿਆ ਏ ਹਾਲ ਤੇਰਾ,
ਸਾਡਾ ਵੱਸ ਲੱਗਾ ਤੈਨੂੰ ਅੱਖ 'ਚ ਵਸਾਵਾਂਗੇ।
ਤੀਲਾ ਤੀਲਾ ਕਰਕੇ ਇਹ ਪਿੰਜਰਾ ਗੁਲਾਮੀਆਂ ਦਾ,
ਪੰਛੀਆਂ ਦੇ ਵਾਂਗੂੰ ਖੁੱਲ੍ਹੀ ਹਵਾ ਸਦਾ ਖਾਵਾਂਗੇ।
ਟੁੱਟ ਜਾਣ ਉਂਗਲਾਂ, ਨਾ ਖੁੱਲ੍ਹਣ ਕਿਸੇ ਦੇ ਕੋਲੋਂ,
ਐਸੀਆਂ ਪਿਆਰ ਦੀਆਂ ਗੰਢਾਂ ਅਸੀਂ ਪਾਵਾਂਗੇ।
ਲੋੜ ਪਿਆਂ ਹੱਸ-ਹੱਸ ਖ਼ੂਨ ਵਿਚ ਰੰਗ ਕੇ ਵੀ,
ਤੇਰੇ ਨਾਂ ਦਾ ਝੰਡਾ ਸਾਰੇ ਜੱਗ ਤੇ ਝੁਲਾਵਾਂਗੇ।
ਪਿਛੋਂ ਗੂੜ੍ਹੀ ਸ਼ਾਮ ਪੈਣੀ, ਏਸ ਸਾਡੀ ਜ਼ਿੰਦਗੀ ਦੀ,
ਅਰਸ਼ਾਂ ਤੇ ਪਹਿਲਾਂ ਤੇਰਾ ਚਮਕਣਾ ਸਿਤਾਰਾ ਏ।
ਰੂਹ ਸਾਡੀ ਕੋਇਲ ਬਣ ਜਾਵੇਗੀ ਬਗ਼ੀਚਿਆਂ 'ਚ,
ਮੇਰਾ ਇਹ ਪੰਜਾਬ ਕਿੰਨਾ ਭੋਲਾ ਤੇ ਪਿਆਰਾ ਏ ?