ਅਸੀਂ ਐਵੇਂ ਮੁੱਚੀਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਸ ਤਰ੍ਹਾਂ ਸਾਡੇ ਡੌਲ਼ਿਆਂ ਵਿਚ ਖੌਲੀਆਂ ਹਨ,
ਜਿਸ ਤਰ੍ਹਾਂ ਬਲਦਾਂ ਦੀ ਪਿੱਠ 'ਤੇ ਉਭਰੀਆਂ,
ਪਰਾਣੀਆਂ ਦੀਆਂ ਲਾਸਾਂ ਹਨ,
ਜਿਸ ਤਰ੍ਹਾਂ ਕਰਜ਼ੇ ਦੇ ਕਾਗ਼ਜ਼ਾਂ ਵਿਚ,
ਸਾਡਾ ਸਹਿਮਿਆ ਤੇ ਸੁੰਗੜਿਆ ਭਵਿੱਖ
ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ
ਏਸੇ ਤਰ੍ਹਾਂ ਸੱਚੀ-ਮੁੱਚੀ ਦਾ ਚਾਹੁੰਦੇ ਹਾਂ
ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ
ਘਰਾਂ ਤੇ ਖੇਤਾਂ ਵਿਚ ਸਾਡੇ ਅੰਗ ਸੰਗ ਰਹਿੰਦੇ ਹਨ
ਅਸੀਂ ਓਸ ਤਰ੍ਹਾਂ
ਹਕ਼ੂਮਤਾਂ, ਵਿਸ਼ਵਾਸਾਂ ਤੇ ਖ਼ੁਸ਼ੀਆਂ ਨੂੰ
ਆਪਣੇ ਨਾਲ਼ ਨਾਲ਼ ਤੱਕਣਾ ਚਾਹੁੰਦੇ ਹਾਂ
ਡਾਢਿਓ, ਅਸੀਂ ਸਾਰਾ ਕੁਝ ਸੱਚੀਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ।
ਅਸੀਂ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਵੇਂ ਸ਼ਰਾਬ ਦੇ ਮੁਕੱਦਮੇ 'ਚ
ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ,
ਜਿਵੇਂ ਪਟਵਾਰੀ ਦਾ ‘ਈਮਾਨ’ ਹੁੰਦਾ ਹੈ,
ਜਾਂ ਜਿਵੇਂ ਆੜ੍ਹਤੀ ਦੀ ਕਸਮ ਹੁੰਦੀ ਹੈ—
ਅਸੀਂ ਚਾਹੁੰਦੇ ਹਾਂ ਆਪਣੀ ਤਲੀ 'ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ’ਚ ‘ਕਣ’ ਹੁੰਦਾ ਹੈ
ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ 'ਤੇ
ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ
ਅਸੀਂ ਨਹੀਂ ਚਾਹੁੰਦੇ
ਪੁਲਸ ਦੀਆਂ ਲਾਠੀਆਂ ਤੇ ਟੰਗੀਆਂ ਕਿਤਾਬਾਂ ਨੂੰ ਪੜ੍ਹਨਾ
ਅਸੀਂ ਨਹੀਂ ਚਾਹੁੰਦੇ
ਹੁਨਰ ਦਾ ਗੀਤ, ਫ਼ੌਜੀ ਬੂਟਾਂ ਦੀਆਂ ਟਾਪਾਂ 'ਤੇ ਗਾਉਣਾ
ਅਸੀਂ ਤਾਂ ਰੁੱਖਾਂ ਉੱਤੇ ਛਣਕਦੇ ਸੰਗੀਤ ਨੂੰ
ਸਧਰਾਏ ਹੋਏ ਪੋਟਿਆਂ ਦੇ ਨਾਲ਼ ਛੂਹ ਕੇ ਦੇਖਣਾ ਚਾਹੁੰਦੇ ਹਾਂ
ਅੱਥਰੂ ਗੈਸ ਦੇ ਧੂੰਏਂ 'ਚ ਲੂਣ ਚੱਟਣਾ
ਜਾਂ ਆਪਣੀ ਜੀਭ ਉੱਤੇ ਆਪਣੇ ਹੀ ਲਹੂ ਦਾ ਸਵਾਦ ਚੱਖਣਾ ਮਾਂ ਨੂੰ
ਕਿਸੇ ਲਈ ਵੀ ਮਨੋਰੰਜਨ ਨਹੀਂ ਹੋ ਸਕਦਾ
ਪਰ
ਅਸੀਂ ਐਵੇਂ ਮੁੱਚੀਂ ਦਾ ਕੁਝ ਵੀ ਨਹੀਂ ਚਾਹੁੰਦੇ
ਤੇ ਅਸੀਂ ਸਾਰਾ ਕੁਝ ਸੱਚੀ ਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ
ਜ਼ਿੰਦਗੀ, ਸਮਾਜਵਾਦ, ਜਾਂ ਕੁਝ ਵੀ ਹੋਰ...