ਅਹਿਮਦ ਰਾਹੀ ਸਰਦਾਰ ਬੇਗ਼ਮ ਅਤੇ ਅਬਦੁਲ ਅਜ਼ੀਜ਼ ਦੇ ਘਰ 12 ਨਵੰਬਰ 1923 ਨੂੰ ਅੰਮ੍ਰਿਤਸਰ ਵਿਖੇ ਜਨਮਿਆ । ਉਸ ਨੇ ਸਾਰੀ ਉਮਰ ਪੇਸ਼ਾਵਾਰ ਲੇਖਕ ਵਜੋਂ ਹੀ ਗੁਜ਼ਾਰੀ । ਮੁੱਖ ਰੂਪ ਵਿਚ ਉਹ ਫਿਲਮੀ ਕਹਾਣੀਆਂ ਅਤੇ ਗੀਤ ਲਿਖਦਾ ਰਿਹਾ । ਲੱਗਭਗ ਅੱਧ ਸੈਂਕੜੇ ਤੋਂ ਉਪਰ ਫਿਲਮੀ ਕਹਾਣੀਆਂ ਅਤੇ ਗੀਤ ਲਿਖੇ । ਫੌਤ ਹੋ ਚੁੱਕੇ ਹਨ । ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਤ੍ਰਿੰਝਣ 1953 ਵਿਚ ਛਪਿਆ। ਦੇਸ਼ ਵੰਡ ਤੋਂ ਇਲਾਵਾ ਔਰਤ ਦੀ ਹੋਣੀ ਅਤੇ ਹੋਰ ਸਮਾਜਿਕ ਰਾਜਸੀ ਸਰੋਕਾਰ ਵੀ ਉਸ ਦੀ ਕਵਿਤਾ ਵਿਚ ਮੌਜੂਦ ਹਨ। ਉਸ ਦੀ ਕਵਿਤਾ ਬਾਰੇ ਗੁਰਚਰਨ ਸਿੰਘ ਮਹਿਤਾ ਲਿਖਦੇ ਹਨ ਉਨਾਂ ਨੇ ਜ਼ਮਾਨੇ ਦੀਆਂ ਤਲਖੀਆਂ ਦੇ ਨਾਲ ਨਾਲ ਹੁਸਨ ਇਸ਼ਕ ਦੇ ਸਾਰੇ ਪਾਸਿਆਂ ਦੀ ਤਰਜ਼ਮਾਨੀ ਕੀਤੀ ਹੈ। ਜਜ਼ਬਾਤੀ ਜ਼ਿੰਦਗੀ ਦੇ ਬੇਅੰਤ ਮਾਮਲਿਆਂ ਨੂੰ ਉਨ੍ਹਾਂ ਨੇ ਆਪਣਾ ਵਿਸ਼ਾ ਬਣਾਇਆ ਹੈ । ਉਨ੍ਹਾਂ ਦੀਆਂ ਕਵਿਤਾਵਾਂ ਵਿਚ ਕਿੱਕਲੀ, ਅੱਖ ਬਾਣੀ, ਤਾਰਿਆ ਵੇ ਤੇਰੀ ਲੋਅ, ਭੈਣ ਦੇ ਵੀਰੋ, ਸੁਣ ਵੇ ਬਾਬਲ ਮੇਰਿਆ, ਬੂਹੇ ਹੋ ਗਏ ਭੀੜੇ, ਜੇ ਤੂੰ ਮਿਰਜ਼ਾ ਹੋਂਵਦਾ ਬਹੁਤ ਪ੍ਰਸਿੱਧ ਹਨ। ਉਨ੍ਹਾਂ ਦੀ ਕਵਿਤਾ ਦਾ ਇਕ ਨਮੂਨਾ ਇਸ ਪ੍ਰਕਾਰ ਹੈ :
ਜੇ ਤੂੰ ਮਿਰਜ਼ਾ ਹੋਵਦੋਂ ਰਾਂਝਿਆ,ਤੇ ਮੈਂ ਤੱਤੜੀ ਜ਼ਹਿਰ ਨਾ ਫੱਕਦੀ।
ਸਾਡੀ ਪਿਆਰ ਦੀ ਸਾਂਝੀ ਪੀਂਘ ਨੂੰ, ਭੈੜੀ ਮੌਤ ਵੀ ਤੋੜ ਨਾ ਸਕਦੀ।
ਤੇਰੀ ਕੜੀ ਕਮਾਨ ਦੇ ਮਾਣ ਤੇ,ਵੇ ਮੈਂ ਕੈਦੋ, ਕਾਜ਼ੀ ਡਕਦੀ।
ਤੂੰ ਖੇੜਿਆਂ ਨੂੰ ਬੀਬਾ ਸਿੰਝਦੋਂ,ਮੈਂ ਸਿਆਲਾਂ ਨਾਲ ਨਜਿਠਦੀ ।
ਤੂੰ ਭਾਂਬੜ ਬਣ ਕੇ ਮਚਦੋਂ,ਮੈਂ ਨੇਰ੍ਹੀ ਬਣ ਕੇ ਝੁਲਦੀ ।
ਮੈਂ ਦੇਖਦੀ ਮੇਰੇ ਹੱਥ ਦੀ,ਗੰਢ ਕਿਸੇ ਤੋਂ ਕਿਉਂ ਖੁੱਲ੍ਹਦੀ।