ਅਜਾਇਬ ਕਮਲ
ਪ੍ਰਯੋਗਵਾਦੀ ਕਵਿਤਾ ਦੇ ਪ੍ਰਮੁੱਖ ਸ਼ਾਇਰ। ਲੰਮਾ ਸਮਾਂ ਕੀਨੀਆ ਵਿਚ ਅਧਿਆਪਕ ਰਹੇ।
ਅਜਾਇਬ ਕਮਲ ਪੰਜਾਬੀ ਸਾਹਿਤ ਦੇ ਵਿਲੱਖਣ ਅਤੇ ਬਹੁਪੱਖੀ ਲੇਖਕ ਸਨ। ਉਹਨਾਂ ਨੇ ਕਵਿਤਾ, ਗ਼ਜ਼ਲ, ਨਾਟਕ ਅਤੇ ਆਲੋਚਨਾ ਵਰਗੀਆਂ ਵਿਧਾਵਾਂ ਵਿਚ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ। ਉਹਨਾਂ ਦਾ ਜਨਮ 5 ਅਕਤੂਬਰ, 1932 ਈ. ਨੂੰ ਪਿਤਾ ਜੰਗ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਡਾਂਡਿਆਂ, ਜਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਖਾਲਸਾ ਕਾਲਜ ਮਾਹਿਲਪੁਰ ਤੋਂ ਉਹਨਾਂ ਨੇ ਬੀ.ਏ. ਦੀ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਡਬਲ ਐੱਮ.ਏ. ਕੀਤੀ। ਅਜਾਇਬ ਕਮਲ ਨੇ 9 ਸਾਲ ਪੰਜਾਬ ਵਿਚ ਬਤੌਰ ਪ੍ਰਿੰਸੀਪਲ ਹੁੰਦਿਆਂ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਇਆ ਅਤੇ ਉਸ ਤੋਂ ਬਾਅਦ ਉਹ ਅਫ਼ਰੀਕਾ ਚਲੇ ਗਏ ਅਤੇ ਉਥੇ ਉਹਨਾਂ ਨੇ ਏ.ਬੀ. ਸੀਨੀਅਰ ਸੈਕੰਡਰੀ ਸਕੂਲ ਨੈਰੋਬੀ ਕੀਨੀਆ ਵਿਚ ਬਤੌਰ ਪ੍ਰਿੰਸੀਪਲ ਦੀ ਨੌਕਰੀ ਕਰਦੇ ਹਨ। ਕੀਨੀਆ ਦੇ ਸਕੂਲ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਯੂਰਪ ਕਈ ਦੇਸ਼ਾਂ ਵਿਚ ਰਹਿਣ ਤੋਂ ਬਾਅਦ ਮੁੜ ਪੰਜਾਬ ਆਪਣੇ ਪਿੰਡ ਪਰਤਦੇ ਹਨ।
ਅਜਾਇਬ ਕਮਲ ਨੂੰ ਪੰਜਾਬੀ ਸਾਹਿਤ ਦਾ ਸਰਬਪੱਖੀ ਸਿਰਮੌਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਵਿਚ ਵੀ ਰਚਨਾ ਕੀਤੀ, ਜਿਸ ਨਾਲ ਉਨ੍ਹਾਂ ਦਾ ਸਾਹਿਤਕ ਪੱਧਰ ਵਿਸ਼ਵੀ ਹੋ ਗਿਆ। ਉਹਨਾਂ ਦੀਆਂ ਆਧੁਨਿਕ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਸ਼ਬਦ ਨੰਗੇ ਹਨ 1981 ਈ. ਵਿਚ ਛਪਦਾ ਹੈ। ਉਸ ਤੋਂ ਬਾਅਦ ਟੁਕੜੇ ਟੁਕੜੇ ਸੂਰਜ ਪ੍ਰਕਾਸ਼ਿਤ ਹੁੰਦਾ ਹੈ। ਕਵਿਤਾ ਸੰਗ੍ਰਹਿ ਵਿਚ ਉਹਨਾ ਦੇ ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ਬੰਰ ਨਹੀਂ, ਉਲਾਰ ਨਸਲ ਦਾ ਸਰਾਪ, ਬੋਦੀ ਵਾਲਾ ਤਾਰਾ, ਵਿਦਰੋਹੀ ਪੀੜ੍ਹੀ ਛਪਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਲੰਮੀਆਂ ਕਵਿਤਾਵਾਂ ਵਿਚ ਖ਼ਲਾਅ ਵਿਚ ਲਟਕੇ ਮਨੁੱਖ, ਇਕੋਤਰ ਸੌ ਅੱਖਾਂ ਵਾਲਾ ਮਹਾਂਭਾਰਤ, ਰੇਤਲੇ ਸ਼ੀਸ਼ੇ, ਅਫ਼ਰੀਕਾ ਵਿਚ ਨੇਤਰਹੀਣ ਅਤੇ ਮਹਾਂਕਾਵਿ ‘ਚ ਧਰਤੀਨਾਮਾ, ਸੂਰਜਨਾਮਾ ਛਪਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਾਵਿ-ਨਾਟਕ, ਨਾਵਲ, ਆਲੋਚਨਾ ਅਤੇ ਹੋਰਨਾਂ ਭਾਸ਼ਾਵਾਂ ਵਿਚ ਸਾਹਿਤ ਰਚਿਆ ਹੈ।
ਅਜਾਇਬ ਕਮਲ ਦੀਆਂ ਰਚਨਾਵਾਂ ਵਿਚ ਆਧੁਨਿਕ ਵਿਚਾਰਧਾਰਾ, ਵਿਦਰੋਹੀ ਭਾਵਨਾ ਅਤੇ ਮਨੁੱਖੀ ਸੰਵੇਦਨਸ਼ੀਲਤਾ ਪ੍ਰਮੁੱਖ ਹੈ। ਉਹਨਾਂ ਦੀ ਰਚਨਾ ਵਿਚ ਮਨੁੱਖੀ ਭਾਵਨਾਵਾਂ, ਸਮਾਜਿਕ ਵਿਸ਼ੇ ਅਤੇ ਫ਼ਲਸਫ਼ੀ ਵਿਚਾਰਾਂ ਦਾ ਅਨੋਖਾ ਸੁਮੇਲ ਹੈ, ਜੋ ਪਾਠਕ ਨੂੰ ਡੂੰਘੇ ਵਿਚਾਰਾਂ ਵੱਲ ਲੈ ਜਾਂਦਾ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਵੱਲੋਂ ਉਹਨਾਂ ਨੂੰ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਵਜੋਂ 1983 ਈ. ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ। ਅਜਾਇਬ ਕਮਲ ਦਾ 21 ਜਨਵਰੀ 2011 ਨੂੰ ਅਕਾਲ ਚਲਾਣਾ ਕਰ ਗਏ ਸਨ। ਅਜਾਇਬ ਕਮਲ ਸਾਹਿਤਕ ਅਤੇ ਸੋਸ਼ਲ ਵੈਲਫੇਅਰ ਟਰੱਸਟ ਮਾਹਿਲਪੁਰ(ਹੁਸ਼ਿਆਰਪੁਰ) ਦਾ ਗਠਨ ਕਰ ਕੇ ਵੀਂਹ ਲੱਖ ਰੁਪਏ ਦੀ ਐੱਫ.ਡੀ. ਕਰਵਾਈ ਅਤੇ ਉਸ ਤੋਂ ਆ ਰਹੇ ਵਿਆਜ ਨਾਲ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਅਤੇ ਚੰਗਾ ਲਿਖਣ ਵਾਲੇ ਲੇਖਕਾਂ ਨੂੰ ਨਗਦੀ ਸਨਮਾਨ ਵੀ ਦਿੱਤਾ ਜਾਂਦਾ ਹੈ।