ਅਮਿਤੋਜ ਦਾ ਜਨਮ 3 ਜੂਨ 1947 ਈ. ਨੂੰ ਚਰਨ ਦਾਸ ਅਤੇ ਜਾਨਕੀ ਦੇਵੀ ਤੇ ਘਰ ਪਿੰਡ ਮੁਰੀਦ ਕੇ, ਜ਼ਿਲ੍ਹਾ ਗੁਰਦਾਸਪਰ ਵਿਖੇ ਹੋਇਆ। ਅਮਿਤੋਜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕੀਤੀ। 1980ਵਿਆਂ ਵਿਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਵਿਚ ਆਪਣੀ ਸਾਹਿਤਕ ਸ਼ੈਲੀ ਕਰਕੇ ਜਾਣੇ ਗਏ। ਉਹਨਾਂ ਨੇ ਅਧਿਆਪਕ, ਨਿਰਦੇਸ਼ਕ, ਸਕਰਿਪਟ ਲੇਖਕ, ਦੂਰਦਰਸ਼ਨ ਅਤੇ ਰੇਡੀਓ ‘ਤੇ ਬਹੁਤ ਕੁਝ ਪੇਸ਼ ਕੀਤਾ ਸੀ।
ਅਮਿਤੋਜ ਨੇ ਆਪਣੇ ਜੀਵਨ ਵਿਚ ਇਕ ਹੀ ਕਾਵਿ-ਸੰਗ੍ਰਹਿ ਲਿਖਿਆ ਹੈ ਜਿਹੜਾ ਸੁਰਜੀਤ ਪਾਤਰ ਦੀਆਂ ਪਹਿਲਕਦਮੀਆਂ ਕਰਕੇ ਛਪਦਾ ਹੈ, ਉਹ ਹੈ ਖ਼ਾਲੀ ਤਰਕਸ਼। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਾਲੇ ਅਣ ਪ੍ਰਕਾਸ਼ਿਤ ਪਈਆਂ ਹਨ। ਰੋਸ਼ਨਆਰਾ ਨਾਮ ਦੀ ਕਵਿਤਾ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਸਮੇਂ ਅਮਿਤੋਜ ਨੇ ਲਿਖੀ ਸੀ ਜਿਹੜੀ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਲਈ ਸ਼ਰਧਾਂਜਲੀ ਸੀ ਜਿਸ ਦੀ ਮੌਤ ਪਾਕਿਸਤਾਨੀ ਟੈਂਕ ਦੁਆਰਾ ਕੁਚਲ ਕੇ ਕਰ ਦਿੱਤੀ ਗਈ। ਬਾਅਦ ਵਿਚ ਇਸ ਕਵਿਤਾ ਨੂੰ ਯੂਐਨਆਈ ਨੇ ਦੇਸ਼ ਭਰ ਵਿਚ ਜਾਰੀ ਕਰ ਦਿੱਤੀ ਸੀ ਅਤੇ ਇਹ ਵਿਆਪਕ ਤੌਰ ‘ਤੇ ਸਲਾਹੀ ਗਈ ।
ਅਮਿਤੋਜ ਦੀਆਂ ਕਵਿਤਾਵਾਂ ਦੀ ਨਾਟਕੀਅਤਾ, ਲੋਕਧਾਰਾਈ ਪਿਛੋਕੜ, ਗੱਲ-ਬਾਤੀ ਅੰਦਾਜ਼, ਸ਼ਬਦ-ਸ਼ਿਲਪ, ਕਲਪਨਾ ਅਤੇ ਸੁਣਾਉਣ ਦਾ ਸਲੀਕਾ ਸਾਰਾ ਕੁਝ ਮਨ ਮੋਹ ਲੈਣ ਵਾਲਾ ਸੀ। ਲਾਹੌਰ ਦੇ ਨਾਂ ਖਤ, ਬੁੱਢਾ ਬੌਲਦ, ਖ਼ਾਲੀ ਤਰਕਸ਼, ਗਰੀਟਿੰਗ ਕਾਰਡ ਉਸ ਦੀਆਂ ਖ਼ੂਬਸੂਰਤ ਕਵਿਤਾਵਾ ਹਨ। ਬ੍ਰੈਖ਼ਤ ਦੇ ਨਾਟਕ ਕਾਕੇਸ਼ੀਅਨ ਚਾਕ ਸਰਕਲ ਦਾ ਪੰਜਾਬੀ ਰੂਪ ਪਰਾਈ ਕੁੱਖ ਵੀ ਅਮਿਤੋਜ ਦੇ ਗੀਤਾਂ ਸਦਕਾ ਹੀ ਮਸ਼ਹੁਰ ਹੋਇਆ।
28 ਅਗਸਤ 2005 ਈ. ਨੂੰ ਅਮਿਤੋਜ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।