ਭਗਵਾਨ ਸਿੰਘ ਮਾਲਵੇ ਦਾ ਪ੍ਰਸਿੱਧ ਕ਼ਿੱਸਾਕਾਰ ਮੰਨਿਆ ਗਿਆ ਹੈ। ਉਹਨਾਂ ਦਾ ਜਨਮ 1842 ਈ. ਵਿਚ ਪਿੰਡ ਮਹਿਰਾਜ ਨਥਾਨਾ, ਤਹਿਸੀਲ ਮੋਗਾ, ਜ਼ਿਲ੍ਹਾ ਫ਼ੀਰੋਜ਼ਪੁਰ (ਹੁਣ ਬਠਿੰਡਾ, ਪੰਜਾਬ) ਵਿਚ ਹੋਇਆ ਸੀ। ਭਗਵਾਨ ਸਿੰਘ 19ਵੀਂ. ਸਦੀ ਦੇ ਪਿਛਲੇ ਦੂਜੇ ਅੱਧ ਦਾ ਪ੍ਰਸਿੱਧ ਕਵੀ ਹੈ। ਉਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਅਤੇ ਆਪਣਾ ਜੀਵਨ ਪੰਜਾਬੀ ਸਾਹਿਤ ਸਿਰਜਣਾ ਦੇ ਵਿਚ ਲਗਾਇਆ। ਉਸ ਦੀਆਂ ਰਚਨਾਵਾਂ ਤੋਂ ਇਹ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਪੰਜਾਬੀ ਬੋਲੀ, ਮਾਲਵੇ ਦੀ ਸਥਾਨਕ, ਭਾਸ਼ਾ, ਸਭਿਆਚਾਰ ਅਤੇ ਲੋਕ-ਕਥਾਵਾਂ ਦੀ ਡੂੰਘੀ ਸਮਝ ਸੀ।
ਭਗਵਾਨ ਸਿੰਘ ਦੀਆਂ ਰਚਨਾਵਾਂ ਵਿਚ ਪੰਜਾਬੀ ਲੋਕ-ਸਾਹਿਤ ਦੀ ਪਰੰਪਰਾ ਅਤੇ ਸੂਫ਼ੀ ਰੰਗ ਦੀ ਝਲਕ ਸਪੱਸ਼ਟ ਦੇਖੀ ਜਾ ਸਕਦੀ ਹੈ। ਉਹਨਾਂ ਨੇ ਚਿੱਠਾ ਜਿਉਣਾ ਮੌੜ, ਬਾਰਾਂਮਾਹ, ਸੋਹਣੀ ਮਹੀਂਵਾਲ ਤੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਲਿਖੇ ਹਨ। ਪਰ ਭਗਵਾਨ ਸਿੰਘ ਅਜਿਹਾ ਕ਼ਿੱਸਾਕਾਰ ਹੈ ਜਿਸ ਨੇ ਪਹਿਲੀ ਵਾਰ ਹੀਰ ਕਬਿੱਤ ਛੰਦ ਵਿਚ ਲਿਖੀ ਹੈ। ਉਨ੍ਹਾਂ ਦੀ ਹੀਰ ਸਭ ਤੋਂ ਵੱਧ ਕਲਾ-ਪੂਰਤ, ਮਨੋਰੰਜਕ ਤੇ ਲੋਕ-ਪ੍ਰੀਅ ਕਿਰਤ ਹੈ। ਇਹਨਾਂ ਰਚਨਾਵਾਂ ਕਰਕੇ ਹੀ ਉਹਨਾ ਦੇ ਨਾਭੇ ਅਤੇ ਪਟਿਆਲੇ ਦੇ ਰਾਜ ਦਰਬਾਰਾਂ ਵਿਚ ਵਿਸ਼ੇਸ਼ ਸਤਿਕਾਰ ਤੇ ਸਨਮਾਨ ਸੀ।
ਭਗਵਾਨ ਸਿੰਘ ਦੀ ਮੌਤ 1902 ਈ. ਵਿੱਚ ਹੋਈ। ਉਹਨਾਂ ਦੇ ਕ਼ਿੱਸਿਆਂ ਨੇ ਪੰਜਾਬੀ ਲੋਕ-ਸਾਹਿਤ ਅਤੇ ਕਵੀਸ਼ਰੀ ਪਰੰਪਰਾ ਨੂੰ ਅਮੀਰ ਕੀਤਾ।