ਚੰਨਣ ਸਿੰਘ ਜੇਠੂਵਾਲੀਆ ਦੂਜੀ ਪੀੜ੍ਹੀ ਦਾ ਪੰਜਾਬੀ ਕਵੀ ਹੈ। ਉਹਨਾਂ ਦਾ ਜਨਮ 5 ਮਈ, 1877 ਈ. ਨੂੰ ਭਾਈ ਕਨ੍ਹਈਆ ਸਿੰਘ ਦੇ ਘਰ ਪਿੰਡ ਜੇਠੂਵਾਲ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਖ਼ਾਲਸਾ ਹਾਈ ਸਕੂਲ, ਅਮ੍ਰਿੰਤਸਰ ਤੋਂ ਹੀ ਪ੍ਰਾਪਤ ਕੀਤੀ ਅਤੇ 1901 ਈ. ਵਿਚ ਉਹਨਾਂ ਲੈ ਬਤੌਰ ਇੰਜੀਨੀਅਰਿੰਗ ਵਿਭਾਗ ਵਿਚ ਨੌਕਰੀ ਕਰਨ ਲੱਗ ਗਏ ਸਨ। ਆਪਣੀ ਨੌਕਰੀ ਦੇ ਦੌਰਾਨ ਚੰਨਣ ਸਿੰਘ ਨੂੰ ਮੁਜ਼ਫ਼ਰਨਗਰ, ਡੇਰਾ ਇਸਮਾਈਲ ਖ਼ਾ, ਸਿੰਧ, ਰਾਏਪੁਰ ਆਦਿ ਸ਼ਹਿਰਾਂ ਵਿਚ ਰਹਿਣਾ ਪਿਆ ਸੀ ਜਿਸ ਕਰਕੇ ਉਹਨਾਂ ਨੂੰ ਜ਼ਿੰਦਗੀ ਦਾ ਕਾਫ਼ੀ ਅਨੁਭਵ ਸੀ। 1932 ਈ. ਵਿਚ ਉਹ ਰਿਟਾਇਰ ਹੋ ਗਏ ਸਨ।
ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਸੰਪਰਕ ਲਾਲਾ ਧਨੀ ਰਾਮ ਚਾਤ੍ਰਿਕ, ਪ੍ਰਿੰ. ਤੇਜਾ ਸਿੰਘ, ਚਰਨ ਸਿੰਘ ਸ਼ਹੀਦ ਅਤੇ ਡਾ. ਮੋਹਨ ਸਿੰਘ ਦੀਵਾਨਾ ਦੀ ਨਾਲ ਹੋਇਆ। ਇਸ ਤਰ੍ਹਾਂ ਉਹਨਾਂ ਨੇ ਪੰਜਾਬੀ ਕਾਵਿ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਜਿੱਥੋ ਉਹਨਾਂ ਨੂੰ ਲਿਖਣ ਦੀ ਚੇਟਕ ਲੱਗਦੀ ਹੈ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਮਨ ਆਈਆ 1941 ਈ. ਵਿਚ ਪ੍ਰਕਾਸ਼ਿਤ ਹੁੰਦਾ ਹੈ। ਉਸ ਸਮੇਂ ਉਹਨਾਂ ਦੀ ਉਮਰ 65 ਸਾਲਾਂ ਦੀ ਸੀ। ਇਸ ਤੋਂ ਬਾਅਦ ਦੂਜਾ ਕਾਵਿ ਸੰਗ੍ਰਹਿ ਆਪ ਮੁਹਾਰੀਆਂ ਪ੍ਰਕਾਸ਼ਿਤ ਹੁੰਦਾ ਹੈ।
ਚੰਨਣ ਸਿੰਘ ਜੇਠੂਵਾਲੀਆ ਦੀ ਕਵਿਤਾ ਦੀ ਮੀਰੀ ਗੁਣ ਬਿਆਨ ਦੀ ਤੀਬਰਤਾ ਹੈ। ਉਹ ਵੱਡੀ ਗੱਲ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿਚ ਜਾਂ ਇਸ਼ਾਰਿਆਂ ਦੇ ਰਾਹੀਂ ਬਿਆਨ ਕਰ ਜਾਂਦੇ ਸਨ। ਪਿਆਰ ਤੇ ਰੁਮਾਂਸਵਾਦ ਉਹਨਾਂ ਦੀ ਕਵਿਤਾ ਦਾ ਧੁਰਾ ਹੈ ਪਰ ਉਹਨਾਂ ਨੇ ਆਪਣੇ ਸਮਕਾਲੀ ਜੀਵਨ, ਸਮਾਜਕ ਤੇ ਰਾਜਨੀਤਕ ਦਸ਼ਾ ਆਦਿ ਨੂੰ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ।