ਹਿਦਾਇਤੁੱਲਾ ਪੰਜਾਬੀ ਸਾਹਿਤ ਦੇ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਕਵੀਆਂ ਵਿਚ ਸਨ। ਉਨ੍ਹਾ ਦਾ ਜਨਮ 1838 ਈ. ਵਿਚ ਲਾਹੌਰ ਦੀ ਚਾਬਕ ਸਵਾਰ ਗਲੀ ਦੇ ਇਕ ਮੁਗ਼ਲ ਘਰਾਣੇ ਵਿਚ ਹੋਇਆ। ਪੇਸ਼ੇ ਵਜੋਂ ਉਹ ਦਰਜ਼ੀ ਦਾ ਕੰਮ ਕਰਦੇ ਸਨ, ਪਰ ਉਨ੍ਹਾਂ ਦੀ ਅਸਲ ਪਛਾਣ ਸੀ ਉਨ੍ਹਾਂ ਦੀ ਸ਼ਾਇਰੀ, ਜਿਸ ਨੇ ਪੰਜਾਬੀ, ਉਰਦੂ ਅਤੇ ਫਾਰਸੀ ਸਾਹਿਤ ਨੂੰ ਅਮੀਰ ਕੀਤਾ। ਉਹ ਉਸਤਾਦ ਵਲੀ ਅੱਲਾ ਸੱਜਣ ਦੇ ਸ਼ਾਗਿਰਦ ਬਣੇ । ਵਲੀ ਅੱਲਾ ਨੇ ਹਿਦਾਇਤੁੱਲਾ ਨੂੰ ਨਾ ਸਿਰਫ਼ ਸ਼ਾਇਰੀ ਦੀਆਂ ਬਾਰੀਕੀਆਂ ਸਿਖਾਈਆਂ, ਸਗੋਂ ਸੂਫੀਆਨਾ ਰੰਗ ਵਿੱਚ ਰੰਗੀਆਂ ਗਹਿਰੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਢਾਲਣ ਦੀ ਕਲਾ ਵੀ ਸਿਖਾਈ। ਇਹ ਗੁਰੂ-ਸ਼ਿਸ਼ ਪਰੰਪਰਾ ਹਿਦਾਇਤੁੱਲਾ ਦੀ ਸ਼ਾਇਰੀ ਦੀ ਨੀਂਹ ਬਣੀ, ਜਿਸ ਵਿੱਚ ਜੀਵਨ ਦੀ ਸਾਦਗੀ ਅਤੇ ਰੂਹਾਨੀਅਤ ਦਾ ਸੁਮੇਲ ਸੀ।
ਹਿਦਾਇਤੁੱਲਾ ਦੀ ਸ਼ਾਇਰੀ ਇੱਕ ਅਜਿਹੀ ਸੁਰੀਲੀ ਤਸਵੀਰ ਹੈ, ਜਿਸ ਵਿੱਚ ਇਸ਼ਕ ਦੀ ਅੱਗ, ਵਿਰਹਾ ਦਾ ਦਰਦ ਅਤੇ ਰੱਬੀ ਮਿਲਣ ਦੀ ਉਮੀਦ ਰੰਗ ਭਰਦੇ ਹਨ। ਉਨ੍ਹਾਂ ਨੇ ਸੀਹਰਫ਼ੀਆਂ, ਇਕ ਬਾਰਾਂ ਮਾਹ, ਕਾਫ਼ੀ, ਦੋਹੜੇ ਤੇ ਬੈਂਤਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਹੀਰ ਨੂੰ ਸਭ ਤੋਂ ਪਹਿਲਾ ਸੰਪਾਦਿਤ ਕੀਤਾ ਅਤੇ ਹੀਰ ਦੀ ਮੂਲ ਰਚਨਾ ਵਿਚ ਵਾਧਾ ਵੀ ਕੀਤਾ। ਉਨ੍ਹਾਂ ਨੇ ਫ਼ਾਰਸੀ ਭਾਸ਼ਾ ਵਿਚ ਵੀ ਇਕ ਦੀਵਾਨ ਪ੍ਰਕਾਸ਼ਿਤ ਕੀਤਾ ਹੋਇਆ ਸੀ।
ਉਨ੍ਹਾਂ ਦੀ ਕਵਿਤਾ ਵਿੱਚ ਪ੍ਰੇਮ ਸਭ ਤੋਂ ਵੱਡਾ ਕੇਂਦਰ ਬਿੰਦੂ ਬਣਿਆ। ਪਰ ਇਹ ਪ੍ਰੇਮ ਸਿਰਫ਼ ਸਰੀਰਕ ਨਹੀਂ, ਬਲਕਿ ਆਤਮਿਕ ਤੇ ਅੰਦਰੂਨੀ ਅਨੁਭਵਾਂ ਨਾਲ ਜੁੜਿਆ ਹੋਇਆ ਹੈ। ਉਹ ਆਪਣੀ ਅੰਦਰਲੀ ਕਸ਼ਮਕਸ਼ ਨੂੰ ਸਿਧੇ-ਸਾਧੇ ਸ਼ਬਦਾਂ ਵਿੱਚ ਸਾਹਮਣੇ ਰੱਖਦੇ ਹਨ, ਜਿਸ ਕਰਕੇ ਉਹਨਾਂ ਦੀ ਕਵਿਤਾ ਲੋਕਾਂ ਦੇ ਦਿਲ ਨੂੰ ਛੂਹ ਜਾਂਦੀ ਹੈ।
ਅੱਜ ਹਿਦਾਇਤੁੱਲਾ ਦਾ ਨਾਮ ਉਹਨਾਂ ਕਵੀਆਂ ਵਿੱਚ ਸ਼ਾਮਲ ਹੈ ਜੋ ਭਾਵੇਂ ਜਨਤਕ ਪੱਧਰ ‘ਤੇ ਬਹੁਤ ਪ੍ਰਸਿੱਧ ਨਹੀਂ ਰਹੇ, ਪਰ ਜਿਨ੍ਹਾਂ ਦੀ ਕਵਿਤਾ ਪੰਜਾਬੀ ਸਾਹਿਤ ਦੇ ਅਧਿਐਨਕਾਰਾਂ ਅਤੇ ਪ੍ਰੇਮੀਆਂ ਲਈ ਇਕ ਕੀਮਤੀ ਖ਼ਜ਼ਾਨਾ ਹੈ। ਹਦਾਇਤ ਉੱਲਾ ਦਾ ਦੇਹਾਂਤ 12 ਜਨਵਰੀ 1929 ਈ. ਹੋਇਆ ਸੀ।