ਕਰਤਾਰ ਸਿੰਘ ਬਲੱਗਣ ਨੂੰ ਪੰਜਾਬੀ ਸਾਹਿਤ ਵਿਚ ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਦੇ ਤੌਰ ’ਤੇ ਵਧੇਰੇ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 5 ਅਕਤੂਬਰ 1904 ਈ. ਨੂੰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਬਲੱਗਣ (ਹੁਣ ਪਾਕਿਸਤਾਨ ਵਿਚ ਹੈ) ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਸ. ਮਿਹਰ ਸਿੰਘ ਅਤੇ ਮਾਤਾ ਦਾ ਨਾਮ ਲੱਛਮੀ ਦੇਵੀ ਸੀ। ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਹੋਣ ਕਰਕੇ ਕਰਤਾਰ ਸਿੰਘ ਉਚ-ਵਿੱਦਿਆ ਹਾਸਲ ਨਹੀਂ ਕਰ ਸਕੇ ਸਨ। ਦੇਸ਼ ਵੰਡ ਤੋਂ ਪਹਿਲਾਂ ਉਹ ਇੱਟਾਂ ਦੇ ਭੱਠੇ ਤੇ ਮੁਨੀਮੀ ਅਤੇ ਆੜ੍ਹਤ ਦਾ ਕੰਮ ਕਰਦੇ ਸਨ। 1947 ਈ. ਦੇ ਦੇਸ਼ ਵੰਡ ਸਮੇਂ ਉਹ ਆਪਣਾ ਪਿੰਡ ਛੱਡ ਕੇ ਅੰਮ੍ਰਿਤਸਰ ਆ ਗਏ ਅਤੇ ਇਥੇ ਆ ਕੇ ਉਹਨਾਂ ਨੇ ਸਾਹਿਤ ਰਚਨਾ ਅਤੇ ਸਾਹਿਤਕ ਪੱਤਰਕਾਰੀ ਦਾ ਕਾਰਜ ਕਰਨ ਲੱਗੇ।
ਕਰਤਾਰ ਸਿੰਘ ਬਲੱਗਣ ਦੇ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਪਛਾਣ ਸਾਹਿਤਕ ਖੇਤਰ ਵਿਚ ਬਣਾਈ ਹੈ। ਉਹਨਾਂ ਦੀਆਂ ਪੁਸਤਕਾਂ ਵਿਚ ਬਰਖਾ, ਆਰਤੀ, ਸ਼ਹੀਦੀ ਖ਼ੁਮਾਰੀਆਂ (1975 ਵਿਚ ਤਰਲੋਚਨ ਸਿੰਘ ਨੇ ਸੰਪਾਦਕ ਕੀਤੀ) ਆਦਿ ਸ਼ਾਮਿਲ ਹਨ। ਕਰਤਾਰ ਸਿੰਘ ਦੀ ਗਿਣਤੀ ਸਟੇਜੀ ਧਨੀ ਕਵੀਆਂ ਵਿਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਫ਼ੀ ਲੰਮਾ ਸਮਾਂ ਕਵਿਤਾ ਨਾਮ ਦੇ ਰਸਾਲੇ ’ਚ ਬਤੌਰ ਸੰਪਾਦਕ ਦੀ ਭੂਮਿਕਾ ਨਿਭਾਈ ਹੈ ਜਿਸ ਦੇ ਮੁੱਖ ਸੰਪਾਦਕ ਵਿਧਾਤਾ ਸਿੰਘ ਤੀਰ ਸਨ। ਵਿਧਾਤਾ ਸਿੰਘ ਤੀਰ ਨੇ ਜੂਨ-ਜੁਲਾਈ, 1970 ਨੂੰ ਕਵਿਤਾ ਦਾ ਵਿਸ਼ੇਸ਼ ਅੰਕ ਕਰਤਾਰ ਸਿੰਘ ਬਲੱਗਣ ‘ਸਮ੍ਰਿਤੀ ਅੰਕ’ ਕੱਢਿਆ ਜਿਹਨਾਂ ਕਰਤਾਰ ਸਿੰਘ ਬਲੱਗਣ ਦੀ ਮਿਤਰਭਾਵੀ, ਸਿਰੜੀ ਤੇ ਸਿਦਕ਼ਵਾਨ ਅਨੂਪਮ ਸਾਹਿਤਕ ਪ੍ਰਤਿਭਾ ਬਾਰੇ ਟੁੰਬਵੀਂ ਜਾਣਕਾਰੀ ਪ੍ਰਦਾਨ ਕਰਨ ਵਾਲੀ ਯਾਦਗਾਰੀ ਅੰਕ ਹੈ।
ਕਰਤਾਰ ਸਿੰਘ ਬਲੱਗਣ ਦੀ ਕਵਿਤਾ ਸੰਗੀਤਮਈ ਭਾਵਾਂ, ਲੋਕ-ਮੁਹਾਵਰੇ ਅਤੇ ਟੁੰਬਵੇਂ ਤੁਕਾਂਤ ਨਾਲ ਓਤਪੋਤ ਹੈ। ਭਾਵਾਂ ਦੀ ਰਵਾਨਗੀ, ਸੁਹਜਮਈ ਰਿਦਮ, ਟੁੰਬਵੇਂ ਬੋਲ ਅਤੇ ਮੋਹਮਈ ਸੰਬੋਧਨ ਉਸਦੀ ਕਾਵਿ-ਸਾਧਨਾ ਦੇ ਨਿਆਰੇ ਗੁਣ ਹਨ। ਸਿੱਖ ਧਾਰਮਿਕ ਪ੍ਰਸੰਗਾਂ ਨੂੰ ਪੂਰੀ ਮਾਨਵੀ ਵੇਦਨਾ ਅਤੇ ਕਲਾਤਮਕ ਸੰਪੰਨਤਾ ਨਾਲ ਪੇਸ਼ ਕਰਨ ਵਿਚ ਕਰਤਾਰ ਸਿੰਘ ਬਲੱਗਣ ਦੀ ਉਚੇਰੀ ਨਿਪੁੰਨਤਾ ਹਾਸਲ ਹੈ।
7 ਦਸੰਬਰ 1969 ਈ. ਨੂੰ ਕਰਤਾਰ ਸਿੰਘ ਬਲੱਗਣ ਦਾ ਦੇਹਾਂਤ ਹੋ ਜਾਂਦਾ ਹੈ।